Punjab Floods: ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਹੜ੍ਹ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸਿਓ ਸਤਲੁਜ ਦਰਿਆ ’ਚ ਵਧਦੇ ਪਾਣੀ ਨੂੰ ਦੇਖਦੇ ਹੋਏ ਹੜ੍ਹ ਦਾ ਪਾਣੀ ਭਾਰਤੀ ਸਰਹੱਦ ’ਚ ਛੱਡਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੜ੍ਹ ਦਾ ਖਤਰਾ ਹੋਰ ਵੱਧ ਗਿਆ ਹੈ। ਬੀ. ਐੱਸ. ਐੱਫ. (BSF) ਦੇ ਸੂਤਰਾਂ ਅਨੁਸਾਰ ਸਰਹੱਦ ’ਤੇ ਭਾਰਤ-ਪਾਕਿ ਸੁਰੱਖਿਆ ਅਧਿਕਾਰੀਆਂ ਵਿਚਾਲੇ ਹੋਈ ਆਪਸੀ ਗੱਲਬਾਤ ’ਚ ਇਹ ਫੈਸਲਾ ਕੀਤਾ ਗਿਆ ਸੀ ਕਿ ਪਾਕਿਸਤਾਨ ਹੁਸੈਨੀਵਾਲਾ ਹੈੱਡਵਰਕਸ ਤੋਂ ਆਉਣ ਵਾਲੇ ਪਾਣੀ ਲਈ ਫਾਜ਼ਿਲਕਾ ਸੈਕਟਰ ’ਚ ਪਾਕਿਸਤਾਨੀ ਸਰਹੱਦ ’ਤੇ ਸਤਲੁਜ ਦਰਿਆ ’ਚ ਆਉਣ ਵਾਲੇ ਪਾਣੀ ਨੂੰ ਛੱਡਣ ਲਈ ਛੇ ਗੇਟ ਖੋਲ੍ਹੇਗਾ।
ਦੱਸ ਦਈਏ ਭਾਰਤ 'ਚ ਹੜ੍ਹ ਦੀ ਸਥਿਤੀ ਦਰਮਿਆਨ ਪਾਕਿਸਤਾਨ ਨੇ ਦੋਸਤੀ ਦਾ ਹੱਥ ਵਧਾਇਆ ਸੀ। ਜਿਹੜਾ ਦੇਸ਼ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਆਪਣੇ ਹੈੱਡਵਰਕਸ ਅਤੇ ਡੈਮਾਂ ਦੇ ਗੇਟ ਬੰਦ ਕਰ ਦਿੰਦਾ ਸੀ, ਉਸ ਨੇ ਇਸ ਸਾਲ ਸੁਲੇਮਾਨਕੀ ਹੈੱਡਵਰਕਸ ਦੇ ਗੇਟ ਖੋਲ੍ਹ ਦਿੱਤੇ ਸਨ। ਪਾਕਿਸਤਾਨ ਦੇ ਇਸ ਕਦਮ ਨੇ ਵੱਡੀ ਰਾਹਤ ਦਿੱਤੀ ਹੈ। ਪਿਛਲੇ ਦਿਨੀਂ ਹੁਸੈਨੀਵਾਲਾ ਤੋਂ 1.92 ਲੱਖ ਕਿਊਸਿਕ ਪਾਣੀ ਗੁਆਂਢੀ ਦੇਸ਼ ਵਿੱਚ ਪਹੁੰਚਿਆ ਸੀ।
ਪਰ ਹੁਣ ਤਿੰਨ ਦਿਨਾਂ ਤੋਂ ਗੇਟ ਖੁੱਲ੍ਹੇ ਰਹਿਣ ਕਾਰਨ ਹੜ੍ਹ ਦਾ ਪਾਣੀ ਭਾਰਤੀ ਸਰਹੱਦ ਤੋਂ ਪਾਕਿਸਤਾਨੀ ਸਰਹੱਦ ਵੱਲ ਜਾਂਦਾ ਰਿਹਾ ਪਰ ਅੱਜ ਪਾਕਿਸਤਾਨ ਨੇ ਸਤਲੁਜ ਦੇ ਛੇ ਫਲੱਡ ਗੇਟ ਬੰਦ ਕਰ ਦਿੱਤੇ, ਜਿਸ ਕਾਰਨ ਪਾਕਿਸਤਾਨੀ ਪਾਣੀ ਸਰਹੱਦੀ ਪਿੰਡਾਂ ’ਚ ਦਾਖਲ ਹੋ ਗਿਆ ਹੈ। ਬੀ. ਐੱਸ. ਐੱਫ. ਦੀ 55ਵੀਂ ਬਟਾਲੀਅਨ ਦੇ ਅਧਿਕਾਰੀ ਅਤੇ ਜਵਾਨ ਪਿੰਡ ਵਾਸੀਆਂ ਨਾਲ ਮਿਲ ਕੇ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਉਪਰਾਲੇ ਕਰ ਰਹੇ ਹਨ। ਇਸ ਤਰ੍ਹਾਂ ਹੁਣ ਸਰਹੱਦੀ ਖੇਤਰਾਂ ਵਿੱਚ ਪਾਣੀ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ। ਦੱਸ ਦਈਏ ਪੰਜਾਬ ਇਸ ਸਮੇਂ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।