Kartarpur Corridor: ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਦੁਆਰਾ ਦਿੱਤੀ ਗਈ ਪਾਰਟੀ ਵਿਵਾਦਾਂ ਵਿੱਚ ਆ ਗਈ ਹੈ। ਇਹ ਪਾਰਟੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ 20 ਫੁੱਟ ਦੀ ਦੂਰੀ 'ਤੇ ਹੋਈ। ਇਸ ਸਬੰਧੀ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਹੈ।
ਉਧਰ, ਜਦੋਂ ਸਿੱਖ ਭਾਈਚਾਰੇ ਨੂੰ ਇਸ ਸਮਾਗਮ ਵਿੱਚ ਮੀਟ ਤੇ ਸ਼ਰਾਬ ਵਰਤਾਏ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਰੋਧ ਦਰਜ ਕਰਵਾਇਆ। ਭਾਰਤ ਵਿੱਚ ਇਸ ਮਾਮਲੇ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਇਸ ਘਟਨਾ 'ਤੇ ਰੋਸ ਪ੍ਰਗਟ ਕੀਤਾ ਹੈ। ਬੀਜੇਪੀ ਲੀਡਰ ਮਨਜਿੰਦਰ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਇਹ ਪਾਰਟੀ 18 ਨਵੰਬਰ ਯਾਨੀ ਐਤਵਾਰ ਰਾਤ 8 ਵਜੇ ਸ਼ੁਰੂ ਹੋਈ। ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ ਨੇ ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨਾਲ ਇਸ ਵਿੱਚ ਹਿੱਸਾ ਲਿਆ। ਇਸ ਪਾਰਟੀ ਵਿੱਚ ਸ਼ਰਾਬ ਤੇ ਮੀਟ ਦਾ ਸੇਵਨ ਹੋਇਆ। ਪਾਰਟੀ 'ਚ ਵੱਖ-ਵੱਖ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਨੱਚਦੇ ਨਜ਼ਰ ਆਏ। ਇੰਨਾ ਹੀ ਨਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਡਾਂਸਰਾਂ ਨਾਲ ਨੱਚਦੇ ਨਜ਼ਰ ਆਏ।
ਇਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਵੀ ਹਾਜ਼ਰੀ ਭਰੀ ਤੇ ਮੀਟ-ਸ਼ਰਾਬ ਦਾ ਖੁੱਲ੍ਹੇਆਮ ਸੇਵਨ ਹੋਇਆ। ਨਸ਼ੇ ਵਿੱਚ ਨੱਚਣਾ-ਗਾਉਣਾ ਵੀ ਚੱਲ਼ਦਾ ਰਿਹਾ। ਬਹੁਤ ਸਾਰੀਆਂ ਸਿੱਖ ਹਸਤੀਆਂ ਪਾਰਟੀ ਵੇਖਦੀਆਂ ਰਹੀਆਂ ਤੇ ਅੰਤ ਤੱਕ ਪ੍ਰੋਗਰਾਮ ਦਾ ਹਿੱਸਾ ਬਣੇ ਰਹੇ।
ਦੱਸ ਦਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਲੰਮਾ ਸਮਾਂ ਠਹਿਰੇ ਸਨ ਤੇ ਗੁਰੂ ਸਾਹਿਬ ਨੇ ਆਪਣੇ ਅੰਤਿਮ ਦਿਨ ਉਥੇ ਹੀ ਬਿਤਾਏ ਸਨ। ਪਾਰਟੀ ਵਿੱਚ ਗਿਆਨੀ ਗੋਬਿੰਦ ਸਿੰਘ ਦੀ ਮੌਜੂਦਗੀ ਬਾਰੇ ਜਾਣ ਕੇ ਸਿੱਖ ਭਾਈਚਾਰਾ ਵੀ ਹੈਰਾਨ ਹੈ, ਜੋ ਪਹਿਲੀ ਕਤਾਰ ਵਿੱਚ ਬੈਠ ਕੇ ਮਹਿਮਾਨਾਂ ਤੇ ਮੇਜ਼ਬਾਨ ਸਈਅਦ ਅਬੂ ਬਕਰ ਕੁਰੈਸ਼ੀ ਦੇ ਡਾਂਸ ਦਾ ਆਨੰਦ ਲੈ ਰਹੇ ਸਨ। ਪਾਰਟੀ ਵਿੱਚ ਸਿੱਖ ਲੀਡਰ ਰਮੇਸ਼ ਸਿੰਘ ਅਰੋੜਾ, ਨਾਰੋਵਾਲ ਦੇ ਸਾਬਕਾ ਐਮਪੀਏ ਤੇ ਕਰਤਾਰਪੁਰ ਲਾਂਘੇ ਦੇ ਰਾਜਦੂਤ ਵੀ ਮੌਜੂਦ ਸਨ।