ਲੁਧਿਆਣਾ: ਸ਼ਹਿਰ ਦੇ ਮਸ਼ਹੂਰ ਪਕੌੜਾ ਵਿਕਰੇਤਾ ਵੱਲੋਂ ਆਮਦਨ ਕਰ ਵਿਭਾਗ ਨੂੰ ਅਣਐਲਾਨੀ ਜਾਇਦਾਦ ਵਜੋਂ 60 ਲੱਖ ਰੁਪਏ ਸਰੰਡਰ ਕੀਤੇ ਜਾਣ ਦੀ ਖ਼ਬਰ ਹੈ। ਵਿਭਾਗ ਨੇ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਦੁਕਾਨਾਂ ਦੀ ਨਿਗਰਾਨੀ ਕੀਤੀ ਸੀ, ਜਿਸ ਤੋਂ ਅਗਲੇ ਦਿਨ ਦੁਕਾਨ ਦੇ ਸੰਚਾਲਕ ਨੇ ਵਿਭਾਗ ਨੂੰ 60 ਲੱਖ ਰੁਪਏ ਸਰੰਡਰ ਕਰ ਦਿੱਤੇ।
ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਮਾਡਲ ਟਾਊਨ ਤੇ ਗਿੱਲ ਰੋਡ ਸਥਿਤ ਦੁਕਾਨਾਂ 'ਤੇ ਸਰਵੇਖਣ ਕੀਤਾ। ਅਧਿਕਾਰੀਆਂ ਨੇ ਦੁਕਾਨਾਂ ਦੇ ਬਹੀ ਖਾਤੇ ਜਾਂਚੇ ਤੇ ਔਸਤ ਆਮਦਨ ਦਾ ਲੇਖਾ ਜੋਖਾ ਕੀਤਾ। ਵਿਭਾਗ ਨੂੰ ਸ਼ੱਕ ਸੀ ਕਿ ਪਕੌੜਾ ਵਿਕਰੇਤਾ ਆਪਣੀ ਆਮਦਨ ਘੱਟ ਦਿਖਾ ਰਿਹਾ ਹੈ ਜਦਕਿ ਉਸ ਦੀ ਵਿਕਰੀ ਜ਼ਿਆਦਾ ਹੈ।
ਪੂਰੇ ਮਾਮਲੇ ਬਾਰੇ ਇਨਕਮ ਟੈਕਸ ਵਿਭਾਗ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਟੀਓਆਈ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਦੇਵ ਰਾਜ ਨੇ 60 ਲੱਖ ਰੁਪਏ ਵਿਭਾਗ ਨੂੰ ਜਮ੍ਹਾ ਕਰਵਾਉਣ ਦੀ ਗੱਲ ਕਬੂਲੀ। ਜ਼ਿਕਰਯੋਗ ਹੈ ਕਿ ਸੰਨ 1952 ਵਿੱਚ ਪੰਨਾ ਸਿੰਘ ਨੇ ਲੁਧਿਆਣਾ ਦੀ ਗਿੱਲ ਰੋਡ 'ਤੇ ਦੁਕਾਨ ਖੋਲ੍ਹੀ ਸੀ। ਉਸ ਦੀ ਮਸ਼ਹੂਰੀ ਇੰਨੀ ਸੀ ਕਿ ਹੁਣ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਸ਼ਾਖਾਵਾਂ ਹਨ। ਪੰਨਾ ਸਿੰਘ ਪਕੌੜੇ ਵਾਲਾ ਪਨੀਰ ਪਕੌੜੇ ਤੇ ਦਹੀਂ ਭੱਲਿਆਂ ਲਈ ਪ੍ਰਸਿੱਧ ਹੈ ਅਤੇ ਸਿਆਸਤਦਾਨਾਂ ਤੋਂ ਲੈਕੇ ਵੱਡੇ ਪੁਲਿਸ ਤੇ ਉੱਚ ਅਧਿਕਾਰੀਆਂ ਤੇ ਵਪਾਰੀ ਇਸ ਦੇ ਗਾਹਕ ਹਨ।