Farmer Protest: ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਕੇਸ ਦਰਜ ਨਾ ਕੀਤੇ ਜਾਣ ਕਾਰਨ ਅਜੇ ਤੱਕ ਵੀ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਜਾ ਸਕਿਆ। ਕਿਸਾਨ ਜਥੇਬੰਦੀਆਂ ਤੇ ਪਰਿਵਾਰ ਸ਼ੁਭਕਰਨ ਦੇ ਕਾਤਲਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਉਪਰ ਅੜ੍ਹੇ ਹੋਏ ਹਨ।


ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਨ 5ਵਾਂ | ਸ਼ਹੀਦ ਕਿਸਾਨ ਸ਼ੁਭਕਰਨ ਸਿੰਘ,  ਭਗਵੰਤ ਮਾਨ ਜੀ, ਕੀ ਸਰਕਾਰ ਦਾ ਫਰਜ਼ ਸਿਰਫ਼ ਮੁਆਵਜ਼ਾ ਦੇਣ ਤੱਕ ਸੀਮਿਤ ਹੈ? ਪੰਜਾਬ ਦੇ ਕਿਸਾਨ ਦੇ ਕੀਤੇ ਗਏ ਕਤਲ ਲਈ ਇਨਸਾਫ਼ ਕੌਣ ਕਰੂਗਾ? ਪੰਜਵੇਂ ਦਿਨ ਵੀ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਮਾਰਟਮ ਨਹੀਂ ਹੋਇਆ ਕਿਉਂਕਿ ਤੁਹਾਡੀ ਜ਼ਿੱਦ ਹੈ ਤੁਸੀਂ ਭਾਜਪਾ ਸਰਕਾਰ ਤੇ FIR ਨਹੀਂ ਕਰਨਾ ਚਾਹੁੰਦੇ! ਕੀ ਸਰਕਾਰ ਇੱਕ ਕਤਲ ਵਰਗੇ ਅਪਰਾਧ ਤੇ ਹੁਣ FIR ਵੀ ਦਰਜ਼ ਨਹੀਂ ਕਰੂਗੀ? ਜੇ ਤੁਹਾਨੂੰ ਕਿਸਾਨ ਦੀ ਇਸ ਮੌਤ ਦਾ ਦੁੱਖ ਹੁੰਦਾ ਤਾਂ ਉਸ ਬੱਚੇ ਦੀ ਲਾਸ਼ ਨੂੰ ਇਹਨੇ ਦਿਨ ਰੁਲਣ ਨਾ ਦਿੰਦੇ!






ਦੱਸ ਦਈਏ ਕਿ ਸ਼ੁਭਕਰਨ ਦੀ ਮੌਤ ਨੂੰ ਪੰਜ ਦਿਨ ਹੋ ਗਏ ਹਨ ਪਰ ਲਾਸ਼ ਦਾ ਪੋਸਟਮਾਰਟਮ ਅਜੇ ਵੀ ਨਹੀਂ ਹੋ ਸਕਿਆ। ਸ਼ੁਭਕਰਨ ਦੇ ਪਰਿਵਾਰਕ ਮੈਂਬਰ ਤੇ ਕਿਸਾਨ ਨੇਤਾ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਦਰਜ ਹੋਏ ਬਿਨਾਂ ਉਹ ਨਾ ਹੀ ਸਸਕਾਰ ਕਰਨਗੇ ਤੇ ਨਾ ਹੀ ਪੋਸਟਮਾਰਟਮ ਕਰਨ ਦੇਣਗੇ। 


ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਨਹੀਂ ਸੀ ਟੱਪਿਆ ਪਰ ਭੜਕੀ ਹੋਈ ਹਰਿਆਣਾ ਪੁਲਿਸ ਨੇ ਜਦੋਂ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਤਾਂ ਉਦੋਂ ਹੀ ਸ਼ੁਭਕਰਨ ਦੇ ਸਿਰ ’ਚ ਗੋਲੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਪਰ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਹਰਿਆਣਾ ਪੁਲੀਸ ਦੀਆਂ ਦਲੀਲਾਂ ਦੇ ਹਵਾਲੇ ਨਾਲ ਹੀ ਕੇਸ ਦਰਜ ਕਰਨ ਤੋਂ ਇਨਕਾਰ ਕਰ ਰਹੇ ਹਨ।