ਚੰਡੀਗੜ੍ਹ: ਸਿੱਖਿਆ ਮਾਡਲ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਚਾਲੇ ਤਿੱਖੀ ਬਹਿਸ ਤੇਜ਼ ਹੋ ਗਈ ਹੈ।ਆਮ ਆਦਮੀ ਪਾਰਟੀ `ਤੇ ਮੁੜ ਹਮਲਾ ਬੋਲਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਫਰਜ਼ੀ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਅੰਕੜੇ ਪੇਸ਼ ਕਰ ਰਹੇ ਹਨ।


ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਮੀਦ ਜਤਾਈ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੱਲੋਂ 250 ਸਕੂਲਾਂ ਦੇ ਟਿਕਾਣਿਆਂ ਸਬੰਧੀ ਜਾਰੀ ਕੀਤੀ ਗਈ ਸੂਚੀ ਸਹੀ ਸੀ। ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਸੀ  ਕਿ ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ’ਤੇ ਬਹਿਸ ਹੋਣੀ ਹੈ। ਉਸ ਦੇ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਿੱਲੀ ਦੇ 250 ਸਰਕਾਰੀ ਸਕੂਲਾਂ ’ਚ ਪਿਛਲੇ 5 ਸਾਲਾਂ ’ਚ ਹੋਏ ਸੁਧਾਰਾਂ ਨੂੰ ਵੇਖਣਾ ਚਾਹੁੰਦੇ ਹਨ। ਫਿਰ ਪੰਜਾਬ ਦੇ ਵੀ 250 ਸਕੂਲਾਂ ’ਚ ਸੁਧਾਰ ਬਾਰੇ ਸਾਨੂੰ ਵਿਖਾ ਕੇ ਇਸ ਬਾਰੇ ਬਹਿਸ ਕਰਨਗੇ। 


ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਸੋਦੀਆ ਨੂੰ ਜਵਾਬ ਦੇਣ ਦੀ ਇੰਨੀ ਕਾਹਲੀ ਵਿੱਚ ਸਨ ਕਿ ਉਨ੍ਹਾਂ ਨੇ ਉਨ੍ਹਾਂ (ਪਰਗਟ ਸਿੰਘ) ਵੱਲੋਂ ਜੋ ਲਿਖਿਆ ਉਹ ਪੜ੍ਹਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਸਿਸੋਦੀਆ ਨੇ ਸਪੱਸ਼ਟ ਤੌਰ `ਤੇ ਕਿਹਾ ਸੀ ਕਿ ਉਹ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) 2021 ਦੇ ਮਾਪਦੰਡਾਂ ਮੁਤਾਬਕ ਤੁਲਨਾ ਕਰਨਗੇ।


ਪਰਗਟ ਸਿੰਘ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸਕੂਲ-ਵਾਰ ਦਾਖਲਾ ਨੰਬਰ, ਪੱਕੇ ਅਧਿਆਪਕਾਂ ਅਤੇ ਖਾਲੀ ਅਸਾਮੀਆਂ, ਦਸਵੀਂ ਦੇ ਨਤੀਜਿਆਂ ਅਤੇ ਪ੍ਰਿੰਸੀਪਲਾਂ ਦੇ ਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਨੇ ਸ੍ਰੀ ਸਿਸੋਦੀਆ ਨੂੰ 2013-14 ਤੋਂ 2019-20 ਤੱਕ ਦੇ ਅੰਕੜਿਆਂ ਦਾ ਜ਼ਿਕਰ ਕਰਨ ਲਈ ਵੀ ਕਿਹਾ ਤਾਂ ਜੋ ਸਾਰੀ ਤਸਵੀਰ ਸਪੱਸ਼ਟ ਹੋ ਸਕੇ।


ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹੋ ਜਾਣਕਾਰੀ ਮੰਗੀ ਸੀ ਪਰ ਉਹ ਹੈਰਾਨ ਹਨ ਕਿ ਉਹ ਕੀ ਲੁਕਾ ਰਹੇ ਹਨ।


ਪਰਗਟ ਸਿੰਘ ਨੇ ਕਿਹਾ ਕਿ ਜੇ ਅੰਕੜਿਆਂ ਵਿੱਚ ਫ਼ਰਕ ਪਾਇਆ ਗਿਆ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਭੱਜਣ ਨਹੀਂ ਦੇਣਗੇ। ਵਿਦਿਆਰਥੀਆਂ ਲਈ ਉਹ ਸਿੱਖਿਆ ਵਿੱਚ ਕੀ ਸੁਧਾਰ ਕਰਨਗੇ? 


ਉਨ੍ਹਾਂ ਕਿਹਾ ਕਿ ਜਦੋਂ ਪ੍ਰਿੰਸੀਪਲ ਹੀ ਨਹੀਂ ਹਨ ਤਾਂ ਉਹ ਸਿਖਲਾਈ `ਤੇ ਕਿਸ ਨੂੰ ਭੇਜ ਰਹੇ ਹਨ? ਪਰਗਟ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਬੱਚੇ ਦਸਵੀਂ ਵਿੱਚ ਫੇਲ੍ਹ ਹੋ ਗਏ ਤਾਂ ਫਿਰ ਉਚੇਰੀ ਸਿੱਖਿਆ ਲਈ ਕੌਣ ਜਾਵੇਗਾ? ਉਨ੍ਹਾਂ ਕਿਹਾ ਕਿ ਜਦੋਂ ਨਵਾਂ ਸਕੂਲ ਹੀ ਨਹੀਂ ਹੈ ਤਾਂ ਬੁਨਿਆਦੀ ਢਾਂਚੇ ਦੀ ਗੱਲ ਕਿਉਂ ਕੀਤੀ ਜਾਵੇ?


ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਿਸੋਦੀਆ ਇਨ੍ਹਾਂ ਨੁਕਤਿਆਂ `ਤੇ ਚਰਚਾ ਕਰਨ ਤੋਂ ਝਿਜਕਦੇ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੇ ਕੇਜਰੀਵਾਲ ਨੂੰ ਸਹੀ ਸੂਚੀ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਆਓ ਅਸੀਂ ਇੱਕ ਵਾਰ ਫੈਸਲਾ ਕਰੀਏ ਕਿ ਕੌਣ "ਅਸਲੀ" ਅਤੇ ਕੌਣ "ਨਕਲੀ" ਆਮ ਆਦਮੀ ਹੈ।