ਜਲੰਧਰ: ਸਮਾਂ ਸੀ ਜਦ ਪੰਜਾਬੀ ਆਪਣੇ ਜੁੱਸੇ ਤੇ ਜ਼ਬਰਦਸਤ ਤਾਕਤ ਲਈ ਮਸ਼ਹੂਰ ਸਨ। ਪੰਜਾਬ ਨੇ ਦੇਸ਼ ਨੂੰ ਲਾਸਾਨੀ ਖਿਡਾਰੀ ਤੇ ਜਾਂਬਾਜ਼ ਫ਼ੌਜੀ ਜਵਾਨ ਦਿੱਤੇ ਪਰ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਪੰਜਾਬੀਆਂ ਦੀ ਸਰੀਰਕ ਸਮਰੱਥਾ ਘੱਟਦੀ ਵਿਖਾਈ ਦੇ ਰਹੀ ਹੈ। ਇਸ ਦਾ ਪ੍ਰਮਾਣ ਜਲੰਧਰ ਵਿੱਚ ਹੋ ਰਹੀ ਫ਼ੌਜ ਦੀ ਭਰਤੀ ਦੌਰਾਨ ਵੇਖਣ ਨੂੰ ਮਿਲਿਆ, ਜਿੱਥੇ 150 ਵਿੱਚੋਂ ਸਿਰਫ਼ 8-10 ਨੌਜਵਾਨ ਹੀ ਸਰੀਰਕ ਟੈਸਟ ਦੇ ਦੌੜ ਵਾਲੇ ਹਿੱਸੇ ਵਿੱਚੋਂ ਪਾਸ ਹੋ ਰਹੇ ਸਨ।
ਪੰਜਾਬ ਤੇ ਜੰਮੂ-ਕਸ਼ਮੀਰ ਦੇ ਭਰਤੀ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਜਗਦੀਪ ਦਾਹੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸਰੀਰਕ ਟੈਸਟ ਪਾਸ ਕਰਨ 'ਚ ਕਾਫੀ ਪਿੱਛੇ ਰਹਿ ਰਹੇ ਹਨ ਤੇ ਹਜ਼ਾਰਾਂ ਦੀ ਗਿਣਤੀ 'ਚੋਂ ਬਹੁਤ ਹੀ ਘੱਟ ਨੌਜਵਾਨ ਸਰੀਰਕ ਤੇ ਲਿਖਤੀ ਟੈਸਟ ਪਾਸ ਕਰਨ 'ਚ ਸਫ਼ਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਰਤੀ ਦੇ ਇੱਕ ਰਾਊਂਡ ਦੌਰਾਨ 150 ਦੇ ਕਰੀਬ ਨੌਜਵਾਨਾਂ ਦੀ ਦੌੜ ਲਗਵਾਈ ਗਈ, ਜਿਨ੍ਹਾਂ 'ਚੋਂ ਕੇਵਲ 8-10 ਨੌਜਵਾਨ ਹੀ ਸਮੇਂ ਸਿਰ ਇਹ ਦੌੜ ਪੂਰੀ ਕਰ ਸਕੇ ਤੇ ਅੱਧੇ ਤੋਂ ਜ਼ਿਆਦਾ ਨੌਜਵਾਨ ਅੱਧੀ ਦੌੜ ਵਿਚਕਾਰ ਛੱਡ ਕੇ ਹੀ ਬਾਹਰ ਬੈਠ ਗਏ ਸਨ, ਜੋ ਪੰਜਾਬ ਦੇ ਨੌਜਵਾਨਾਂ ਲਈ ਚਿੰਤਾ ਦਾ ਵਿਸ਼ਾ ਹੈ।
ਦੋ ਦਸੰਬਰ ਤੋਂ ਜਲੰਧਰ ਵਿੱਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਐਸਬੀਐਸ ਨਗਰ (ਨਵਾਂਸ਼ਹਿਰ) ਦੇ ਨੌਜਵਾਨ ਪਹੁੰਚੇ ਸਨ। ਚਾਰੇ ਜ਼ਿਲ੍ਹਿਆਂ ਦੇ ਕਰੀਬ 13 ਹਜ਼ਾਰ 400 ਨੌਜਵਾਨਾਂ ਵਲੋਂ ਆਨਲਾਈਨ ਬਿਨੈ-ਪੱਤਰ ਭੇਜੇ ਗਏ ਸਨ, ਜਿਨ੍ਹਾਂ 'ਚ ਸਭ ਤੋਂ ਵੱਧ ਹੁਸ਼ਿਆਰਪੁਰ ਦੇ 9,000 ਨੌਜਵਾਨਾਂ ਨੇ ਬਿਨੈ-ਪੱਤਰ ਦਿੱਤੇ। ਇਹ ਭਰਤੀ 8 ਦਸੰਬਰ ਤਕ ਜਾਰੀ ਰਹੇਗੀ। ਭਰਤੀ ਦੇਖਣ ਆਏ ਨੌਜਵਾਨਾਂ ਲਈ ਵੀ ਇੱਥੇ ਰੁਕਣ ਦੇ ਯੋਗ ਪ੍ਰਬੰਧ ਨਹੀਂ ਸਨ। ਨੌਜਵਾਨਾਂ ਨੇ ਰਾਤ ਸਮੇਂ ਸੜਕ ਕੰਢੇ ਅਤੇ ਰਾਮਾ ਮੰਡੀ ਫਲਾਈ ਓਵਰ ਹੇਠਾਂ ਪਈਆਂ ਹੋਈਆਂ ਸੀਮੈਂਟ ਦੀਆਂ ਸਲੈਬਾਂ 'ਤੇ ਸੌਂਅ ਕੇ ਰਾਤ ਗੁਜਾਰਨੀ ਪੈ ਰਹੀ ਹੈ।