Punjab News: ਹਰਬੀਰ ਸਿੰਘ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਤੌਰ ਤੇ ਪਬਲਿਕ ਵੱਲੋਂ ਪਟਾਖੇ, ਆਤਿਸ਼ਬਾਜੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇੰਨਾਂ ਤਿਉਹਾਰਾਂ ਸਮੇਂ ਪਟਾਖੇ ਆਦਿ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ।



ਉਨ੍ਹਾਂ ਕਿਹਾ ਕਿ ਇਸ ਸੰਭਾਵਿਤ ਖਤਰੇ ਤੋਂ ਬਚਣ ਲਈ ਜ਼ਿਲ੍ਹਾ ਪਠਾਨਕੋਟ ਅੰਦਰ ਪਟਾਖੇ ਆਤਿਸ਼ਬਾਜੀ ਆਦਿ ਬਨਾਉਣ, ਸਟੋਰ ਕਰਨ ਅਤੇ ਖਰੀਦ/ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ। ਇਸ ਲਈ ਸਮੇਂ ਦੀ ਨਜਾਕਤ ਅਤੇ ਦੁਸਹਿਰਾ, ਦੀਵਾਲੀ ਦੇ ਤਿਉਹਾਰਾਂ ਦੇ ਮੱਦੇ ਨਜ਼ਰ ਗੈਰ ਕਾਨੂੰਨੀ ਧਮਾਕਾਖੇਜ਼ ਸਮੱਗਰੀ ਬਨਾਉਣ, ਸਟੋਰ ਕਰਨ, ਵਿੱਕਰੀ ਅਤੇ ਵਰਤੋਂ ਕਰਨ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜਰੂਰੀ ਹਨ।


ਸਟੋਰ ਕਰਨ, ਖਰੀਦਣ ਅਤੇ ਵੇਚਣ 'ਤੇ ਪੂਰਨ ਪਾਬੰਦੀ
ਉਪਰੋਕਤ ਦੇ ਸਬੰਧ ਵਿੱਚ ਹਰਬੀਰ ਸਿੰਘ ਜ਼ਿਲ੍ਹਾ ਮੈਜਿਸਟ੍ਰੇਟ, ਪਠਾਨਕੋਟ ਵੱਲੋਂ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੀ ਉੱਚੀ ਆਵਾਜ ਵਾਲੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ (ਅਣ ਅਧਿਕਾਰਤ ਤੌਰ ਤੇ) ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।



ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫੋਟੋ ਪਟਾਖਿਆਂ ਦੀ ਵੇਚਣ ਖ੍ਰੀਦਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਜ਼ਿਲ੍ਹਾ ਪਠਾਨਕੋਟ ਅਪਣੇ-ਅਪਣੇ ਅਧਿਕਾਰ ਖੇਤਰ ਵਿੱਚ ਸੁਰੱਖਿਅਤ ਥਾਵਾਂ ਨਿਰਧਾਰਤ ਕਰਨਗੇ। ਉਨ੍ਹਾਂ ਕਿਹਾ ਕਿ ਨਿਰਧਾਰਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸਬਾਜੀ ਦੀ ਖ੍ਰਰੀਦ ਵਿਕਰੀ ਲਈ ਨਹੀਂ ਕੀਤੀ ਜਾ ਸਕਦੀ ਅਤੇ ਜੋ ਸਥਾਨ ਨਿਰਧਾਰਤ ਕੀਤੇ ਜਾਣਗੇ ਉਹ ਖੇਤਰ ਨਾਨ-ਸਮੋਕਿੰਗ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਇਲੈਂਸ ਜੋਨ ਜਿਵੇਂ ਕਿ ਵਿੱਦਿਅਕ ਸੰਸਥਾਵਾਂ, ਹਸਪਤਾਲਾ, ਕੋਰਟ, ਧਾਰਮਿਕ ਥਾਵਾਂ ਆਦਿ ਦੇ ਨਜਦੀਕ ਪਟਾਖੇ ਅਤੇ ਆਤਿਸਬਾਜੀ ਚਲਾਉਣ ਤੇ ਪੂਰਨ ਪਾਬੰਦੀ ਰਹੇਗੀ।


ਪਟਾਖੇ ਚਲਾਉਣ ਦਾ ਇਹ ਹੋਵੇਗਾ ਸਮਾਂ


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੰਡਸਟਰੀਜ ਅਤੇ ਕਮਰਸ ਵਿਭਾਵ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਵਾਲੇ ਦਿਨ ਸਮਾਂ ਰਾਤ 08:00 ਵਜੇ ਤੋਂ ਲੈਕੇ ਰਾਤ 10:00 ਵਜੇ ਤੱਕ, ਗੁਰਪੁਰਬ ਵਾਲੇ ਦਿਨ 01 ਘੰਟੇ ਲਈ ਸਵੇਰੇ 04:00 ਵਜੇ ਤੋਂ ਲੈਕੇ ਸਵੇਰੇ 05:00 ਵਜੇ ਤੱਕ ਅਤੇ 01 ਘੰਟੇ ਲਈ ਰਾਤ 09:00 ਵਜੇ ਤੋਂ ਲੈਕੇ 10:00 ਵਜੇ ਤੱਕ ਅਤੇ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਰਾਤ 11:15  ਤੋਂ ਲੈਕੇ ਰਾਤ 12:10 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ। ਇਸਤੋਂ ਇਲਾਵਾ ਪਟਾਖੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ ਪੰਜਾਬ  ਅਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਕੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ਪਰ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮ ਅੱਜ ਤੋਂ ਜਾਰੀ ਹੋ ਕੇ 1 ਜਨਵਰੀ 2024 ਤੱਕ ਲਾਗੂ ਰਹਿਣਗੇ।


 


ਰਿਪੋਰਟਰ -ਮੁਕੇਸ਼ ਸੈਣੀ (ਪਠਾਨਕੋਟ)