Patiala News: ਕਿਸਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਸੰਦ ਖਰੀਦਣ ਉੱਪਰ ਸਬਸਿਡੀ ਦੀ ਮਿਆਦ ਵਧਾ ਦਿੱਤੀ ਹੈ। ਖੇਤੀ ਮਹਿਕਮੇ ਮੁਤਾਬਕ ਪਰਾਲੀ ਦੀ ਸਾਂਭ-ਸੰਭਾਲ ਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖ਼ਰੀਦਣ ਲਈ ਦੀ ਮਿਆਦ 'ਚ 20 ਨਵੰਬਰ ਤੱਕ ਵਧਾ ਦਿੱਤੀ ਹੈ। ਇਸ ਦਾ ਲਾਭ ਕਿਸਾਨ ਉਠਾ ਸਕਦੇ ਹਨ।
ਇਸ ਬਾਰੇ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖ਼ਰੀਦਣ ਲਈ ਕਿਸਾਨਾਂ ਨੂੰ ਜਾਰੀ ਕੀਤੀਆਂ ਪ੍ਰਵਾਨਗੀਆਂ ਦੀ ਮਿਆਦ 'ਚ 20 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਜ਼ਿਲ੍ਹੇ ਦੇ 1194 ਕਿਸਾਨਾਂ ਵਲੋਂ ਮਸ਼ੀਨਰੀ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਤੇ ਵਿਭਾਗ ਵੱਲੋਂ 936 ਹੋਰ ਲਾਭਪਾਤਰੀਆਂ ਨੂੰ ਵੀ ਪ੍ਰਵਾਨਗੀਆਂ ਜਾਰੀ ਕੀਤੀ ਜਾ ਚੁੱਕੀ ਹੈ। ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਸ਼ੀਨਾਂ ਦੀਆਂ ਪ੍ਰਵਾਨਗੀਆਂ ਦੀ ਮਿਆਦ ਮਿਤੀ 07 ਨਵੰਬਰ, 2022 ਤੱਕ ਖ਼ਤਮ ਹੋ ਰਹੀ ਹੈ, ਉਨ੍ਹਾਂ ਦੀ ਮਿਆਦ 'ਚ 20 ਨਵੰਬਰ, 2022 ਤੱਕ ਦਾ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬੇਲਰ ਰੈਕ ਦੀਆਂ ਹੁਣ ਤੋਂ ਜਾਰੀ ਕੀਤੀਆਂ ਜਾਣ ਵਾਲੀਆਂ ਪ੍ਰਵਾਨਗੀਆਂ ਦੀ ਮਿਆਦ 21 ਦਿਨ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਪਹਿਲਾਂ ਵੀ 4398 ਮਸ਼ੀਨਾਂ ਮੌਜੂਦ ਸਨ ਤੇ ਇਸ ਸਾਲ ਹੁਣ ਤੱਕ 1194 ਮਸ਼ੀਨਾਂ ਦੀ ਹੋਰ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਪ੍ਰਵਾਨਗੀ ਪ੍ਰਾਪਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਮਸ਼ੀਨਰੀ ਜਲਦੀ ਤੋਂ ਜਲਦੀ ਖ਼ਰੀਦ ਕੇ ਪੋਰਟਲ ਉਪਰ ਜ਼ਰੂਰ ਅਪਲੋਡ ਕਰਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਸ਼ੀਨਾਂ ਖ਼ਰੀਦਣ ਲਈ ਮਿਆਦ ਦਾ ਵਾਧਾ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ ਤੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਓ।