Patiala News: ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੇ ‘ਐਗਜ਼ਿਟ ਪੋਲਾਂ’ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਸੱਚਾਈ ਤੋਂ ਕੋਹਾਂ ਦੂਰ ਹਨ। ਡਾ. ਧਰਮਵੀਰ ਗਾਂਧੀ ਨੇ ਤਾਂ ਲੋਕ ਸਭਾ ਚੋਣਾਂ ਸਬੰਧੀ ‘ਐਗਜ਼ਿਟ ਪੋਲ’ ਨੂੰ ਭਾਜਪਾ ਵੱਲੋਂ ‘ਸਪਾਂਸਰਡ’ ਕਰਾਰ ਦੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਰੇ ਪਾਣੀ ਦੇ ਬੁਲਬੁਲੇ ਵਾਂਗ 4 ਜੂਨ ਨੂੰ ਫੁੱਟ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਕਿਰਦਾਰ ਹੈ ਕਿ ਉਹ ਸੱਤਾ ਹਾਸਲ ਕਰਨ ਲਈ ਕੋਈ ਵੀ ਸਾਜ਼ਿਸ਼ ਕਰ ਸਕਦੀ ਹੈ ਤੇ ਉਸ ਦੀ ਮਦਦ ’ਚ ਵੱਡੇ ਕਾਰਪੋਰੇਟ ਘਰਾਣੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਦਿਖਾ ਦਿੱਤਾ ਹੈ ਕਿ ‘ਇੰਡੀਆ ਗੱਠਜੋੜ’ 295 ਸੀਟਾਂ ਲੈ ਕੇ ਅਗਲੀ ਸਰਕਾਰ ਬਣਾ ਰਿਹਾ ਹੈ।
ਡਾ. ਗਾਂਧੀ ਨੇ ਦੋਸ਼ ਲਾਇਆ ਕਿ ਭਾਰਤੀ ਚੋਣ ਕਮਿਸ਼ਨ ਇੱਕ ਅਜਿਹਾ ਅੰਪਾਇਰ ਹੈ ਜੋ ਭਾਜਪਾ ਦੇ ਪੱਖ ਵਿੱਚ ਹੀ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਨੇਕਾਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਕੋਈ ਵੀ ਜਵਾਬ ਨਹੀਂ ਮੰਗਿਆ ਗਿਆ।
ਉਨ੍ਹਾਂ ਕਿਹਾ ਕਿ ਸਾਲ 2004 ਵਿੱਚ ‘ਐਗਜ਼ਿਟ ਪੋਲ’ ਭਾਜਪਾ ਦੀ ਸਰਕਾਰ ਬਣਾ ਰਹੇ ਸਨ ਤਾਂ ‘ਸ਼ਾਇਨਿੰਗ ਇੰਡੀਆ’ ਦਾ ਬੁਲਬੁਲਾ ਬੁਰੀ ਤਰ੍ਹਾਂ ਫੁੱਟਿਆ ਸੀ। ਇਸੇ ਤਰ੍ਹਾਂ ਸਾਲ 2009 ਵਿੱਚ ਇਨ੍ਹਾਂ ਐਗਜ਼ਿਟ ਪੋਲਾਂ ਨੇ ਭਾਜਪਾ ਨੂੰ ਹੀ ਭਾਰਤ ਦੀ ਸੱਤਾਧਾਰੀ ਪਾਰਟੀ ਬਣਾ ਦਿੱਤਾ ਸੀ, ਪਰ ਡਾ. ਮਨਮੋਹਨ ਸਿੰਘ ਨੇ ਪੂਰੇ 10 ਸਾਲ ਦਾ ਕਾਰਜਕਾਲ ਪੂਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਵੀ ਐਗਜ਼ਿਟ ਪੋਲ ਨੇ ਹਰਾ ਦਿੱਤਾ ਸੀ, ਪਰ ਉੱਥੇ ਵੀ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਵਿੱਚ ਭਾਜਪਾ ਨੇ ਵੋਟਰਾਂ ਨੂੰ ਰੁਪਏ ਵੰਡੇ ਹਨ ਤੇ ਸਬੂਤ ਆਉਣ ’ਤੇ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਚੋਣਾਂ ਤੋਂ ਪਹਿਲਾਂ ਕਈ ਥਾਵਾਂ ’ਤੇ ਅਯੁੱਧਿਆ ਤੋਂ ਲਿਆਂਦਾ ਪ੍ਰਸ਼ਾਦ ਵੰਡਿਆ ਤੇ ਇਸ ਦੇ ਨਾਮ ’ਤੇ ਲੋਕਾਂ ਤੋਂ ਵੋਟਾਂ ਮੰਗੀਆਂ।