ਪਟਿਆਲਾ: ਬਰਨਾਲਾ ਦੀ ਰਹਿਣ ਵਾਲੀ ਪਰਵਿੰਦਰ ਕੌਰ (26) ਜਣੇਪੇ ਲਈ ਬੀਤੀ ਰਾਤ ਰਾਜਿੰਦਰਾ ਹਸਪਤਾਲ ਆਈ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪੇਟ ਵਿੱਚ ਪਲ਼ ਰਹੇ ਬੱਚੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਮਹਿਲਾ ਦੇ ਪਰਿਵਾਰ ਵਾਲਿਆਂ ਡਾਕਟਰਾਂ 'ਤੇ ਲਾਪ੍ਰਵਾਹੀ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਜ਼ਿੰਮੇਵਾਰ ਡਾਕਟਰਾਂ 'ਤੇ ਕਾਰਵਾਈ ਤੇ ਮ੍ਰਿਤਕ ਜੱਚਾ-ਬੱਚਾ ਨਾਲ ਇਨਸਾਫ ਕਰਨ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਡਾਕਟਰ ਅੰਦਰ ਬੈਠੇ ਪੀਜ਼ਿਆਂ ਨਾਲ ਬੱਤੇ ਪੀਂਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਧੀ ਵੱਲ ਧਿਆਨ ਨਹੀਂ ਦਿੱਤਾ। ਸਵੇਰੇ 6 ਵਜੇ ਪਰਵਿੰਦਰ ਕੌਰ ਦੀ ਮੌਤ ਹੋ ਗਈ ਸੀ ਪਰ ਪਰਿਵਾਰ ਵਾਲਿਆਂ ਨੂੰ ਉਸ ਕੋਲ ਨਹੀਂ ਜਾਣ ਦਿੱਤਾ ਗਿਆ। ਇਸ ਪਿੱਛੋਂ ਪਰਿਵਾਰ ਨੇ ਹੰਗਾਮਾ ਕਰ ਦਿੱਤਾ।

ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਥਾਣਾ ਮਾਡਲ ਟਾਊਨ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਰਮਨਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

ਉੱਧਰ ਹਸਪਤਾਲ ਦੇ ਡਾਕਟਰ ਰਾਜਨ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਡਾਕਟਰਾਂ ਦੀ ਕੋਈ ਲਾਪ੍ਰਵਾਹੀ ਨਹੀਂ। ਕੇਸ ਬਰਨਾਲਾ ਤੋਂ ਹੀ ਖਰਾਬ ਹੋ ਗਿਆ ਸੀ ਜਿਨ੍ਹਾਂ ਨੇ ਮਹਿਲਾ ਨੂੰ ਇੱਥੇ ਰੈਫਰ ਕਰ ਦਿੱਤਾ। ਮਹਿਲਾ ਦੀ ਮੌਤ ਬਲੱਡ ਪ੍ਰੈਸ਼ਰ ਵਧਣ ਕਰਕੇ ਹੋਈ ਹੈ। ਜੇ ਸਹੀ ਸਮੇਂ ਬਰਨਾਲਾ ਵਿੱਚ ਹੀ ਮਹਿਲਾ ਦੀ ਸੰਭਾਲ ਹੁੰਦੀ ਤਾਂ ਹਾਦਸਾ ਨਾ ਵਾਪਰਦਾ। ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।