Mansa News : ਨਸ਼ੇ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਵੱਡੀ ਗਿਣਤੀ ਵਿਚ ਲੋਕਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਹੈ। ਮਾਨਸਾ ਪੁਲਿਸ ਵੱਲੋਂ ਅੱਜ ਸਵੇਰੇ ਪਰਵਿੰਦਰ ਸਿੰਘ ਉਰਫ ਝੋਟੇ ਨੂੰ ਉਸ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਪਰਵਿੰਦਰ ਝੋਟੇ ਦੇ ਪਿਤਾ ਫੌਜੀ ਭੀਮ ਸਿੰਘ ਤੇ ਮਾਤਾ ਅਮਰਜੀਤ ਕੌਰ ਵੀ ਮੌਜੂਦ ਸਨ।


 


ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਗੁਆਂਢੀਆਂ ਦੀ ਛੱਤ ਉਤੇ ਦੀ ਜਬਰੀ ਪਰਵਿੰਦਰ ਦੇ ਘਰ ਵਿਚ ਘੁਸਣ ਵਾਲੇ ਮਾਨਸਾ ਦੇ ਥਾਣਾ ਸਿਟੀ - 2 ਦੇ ਐਸਐਚਓ ਨੂੰ ਸਵੇਰੇ 6 ਵਜੇ ਮੈਂ ਮੌਕੇ 'ਤੇ ਪਹੁੰਚ ਕੇ ਰੋਕਿਆ ਸੀ ਕਿ ਝੋਟਾ ਕੋਈ ਭਗੌੜਾ ਮੁਜਰਿਮ ਨਹੀਂ ਹੈ , ਜੋ ਪੁਲਸ ਉਸ ਨੂੰ ਇੰਝ ਜ਼ਬਰਦਸਤੀ ਚੁੱਕੇ। ਅਸੀਂ ਇਸਨੂੰ ਅਤੇ ਬਾਕੀ ਨੌਜਵਾਨਾਂ ਨੂੰ ਦੋ ਘੰਟਿਆਂ ਤੱਕ ਥਾਣੇ ਪੇਸ਼ ਕਰ ਦੇਵਾਂਗੇ ਪਰ ਥਾਣੇਦਾਰ ਨੇ ਉਪਰੋਂ ਆਏ ਹੁਕਮਾਂ ਦਾ ਹਵਾਲਾ ਦਿੰਦਿਆਂ ਸਾਡੀ ਕੋਈ ਗੱਲ ਨਹੀਂ ਸੁਣੀ, ਉਲਟਾ ਜ਼ਬਰਦਸਤੀ ਕਰਦਿਆਂ ਝੋਟੇ ਦੇ ਪਟਕੇ ਤੇ ਕੇਸਾਂ ਦੀ ਬੇਅਦਬੀ ਕੀਤੀ। ਉਥੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੇ ਬਜ਼ੁਰਗ ਬਾਪੂ ਨੂੰ ਵੀ ਜ਼ਖ਼ਮੀ ਕਰ ਦਿੱਤਾ। 


 


ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਜ਼ਿਲਾ ਪ੍ਰਸ਼ਾਸਨ ਉਤੇ ਤੰਜ ਕਰਦਿਆਂ ਕਿਹਾ ਕਿ ਇਕ ਪਾਸੇ ਅੱਜ ਸਵੇਰੇ ਪੰਜ ਵਜੇ ਘੱਗਰ ਦਾ ਚਾਂਦਪੁਰਾ ਬੰਨ ਟੁੱਟਣ ਕਾਰਨ ਮਾਨਸਾ ਜਿਲੇ ਦੇ ਦਰਜਨਾਂ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ ਪਰ ਹੜ੍ਹ ਤੋਂ ਪੀੜਤ ਲੋਕਾਂ ਦੀ ਮੱਦਦ ਕਰਨ ਦੀ ਬਜਾਏ ਐਸਐਸਪੀ ਮਾਨਸਾ ਨੇ ਅੱਜ ਸਵੇਰੇ ਅਪਣੀ ਪੁਲਿਸ ਝੋਟੇ ਨੂੰ ਘੇਰਨ ਲਈ ਝੋਕ ਦਿੱਤੀ ਤੇ ਉਹ ਵੀ ਇਕ ਨਸ਼ਾ ਤਸਕਰ ਦੀ ਸ਼ਿਕਾਇਤ 'ਤੇ ਦਰਜ ਕੀਤੇ ਇਕ ਮਾਮੂਲੀ ਜਿਹੇ ਕੇਸ ਵਿਚ। 

 

ਇਸ ਤੋਂ ਇਲਾਵਾ ਇਸ ਇੱਕਠ ਨੂੰ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਾਂਗਰਸ ਆਗੂ ਮਨਜੀਤ ਰਾਣਾ, ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ, ਸਰਪੰਚ ਰਾਜੀਵ ਕੁਮਾਰ ਕੱਲੋ, ਯੂ ਟਿਊਬਰ ਭਾਨਾ ਸਿੰਘ ਸਿੱਧੂ, ਡਕੌਂਦਾ ਯੂਨੀਅਨ ਦੇ ਜਗਦੇਵ ਸਿੰਘ ਕੋਟਲੀ ਕਲਾਂ, ਸਿੱਧੂਪੁਰ ਯੂਨੀਅਨ ਦੇ ਜਗਦੇਵ ਸਿੰਘ ਭੈਣੀਬਾਘਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੇ ਵੀ ਸੰਬੋਧਨ ਕੀਤਾ।  

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਸ਼ਹਿਰ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਉੱਤੇ ਇੱਕ ਵਿਅਕਤੀ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ। ਜਿਸ ਤਹਿਤ ਪੁਲਿਸ ਵੱਲੋਂ ਚਾਰ ਨੌਜਵਾਨਾਂ ਉੱਤੇ 307 ਦੇ ਅਧੀਨ ਕਈ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਧਰਨਾ ਲਗਾ ਕੇ ਉਕਤ ਨੌਜਵਾਨ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਨੌਜਵਾਨ ਨੂੰ ਰਿਹਾਅ ਕਰ ਦਿੱਤਾ ਗਿਆ ਸੀ।