ਸੰਗਰਰੂ : ਜ਼ਿਲ੍ਹਾ ਸੰਗਰਰੂ ਦੇ ਪਿੰਡ ਭੁਟਾਲ ਕਲਾਂ ਵਿਖੇ ਸਥਿਤ ਪੈਟਰੋਲ ਪੰਪ ਉਤੇ ਕੰਮ ਕਰਨ ਵਾਲੇ ਇਕ ਮੁਨੀਮ ਨੇ ਫਿਲਮੀ ਅੰਦਾਜ਼ ਵਿਚ ਕਿਡਨੈਪ ਦੀ ਮਨਘੜਤ ਕਹਾਣੀ ਘੜ ਕੇ ਆਪਣੇ ਮਾਲਕ ਦੇ 17 ਲੱਖ 25 ਹਜ਼ਾਰ ਰੁਪਏ ਉਡਾ ਲਏ ਹਨ ਅਤੇ ਦੋਸ਼ੀ ਹੁਣ ਪੁਲਸ ਦੇ ਅੜਿੱਕੇ ਚੜ੍ਹ ਗਿਆ ਹੈ।
ਥਾਣਾ ਸਦਰ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੇਮ ਸਿੰਘ ਵਾਸੀ ਖੰਡੇਬਦ ਜੋ ਕਿ ਭੁਟਾਲ ਕਲਾਂ ਦੇ ਪੈਟਰੋਲ ਪੰਪ ਉੱਪਰ ਪਿਛਲੇ ਪੰਜ ਸਾਲ ਤੋਂ ਮੁਨੀਮੀ ਦਾ ਕੰਮ ਕਰਦਾ ਹੈ। ਇਸ ਬਾਰੇ ਪੀੜਤ ਜਗਰਾਜ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਭੁਟਾਲ ਨੇ ਦੱਸਿਆ ਕਿ ਇੱਕ ਅਗਸਤ ਨੂੰ ਪਰੇਮ ਸਿੰਘ ਤੇਲ ਦੀ ਗੱਡੀ ਮੰਗਵਾਉਣ ਲਈ ਸਾਡੇ ਕੋਲੋਂ 15 ਲੱਖ 25 ਹਜ਼ਾਰ ਰੁਪਏ ਅਤੇ ਦੋ ਲੱਖ ਰੁਪਏ ਆੜ੍ਹਤੀਏ ਨੂੰ ਦੇਣ ਲਈ ਸਟੇਟ ਬੈਂਕ ਲਹਿਰਾਗਾਗਾ ਵਿਖੇ ਜਮ੍ਹਾ ਕਰਵਾਉਣ ਲਈ ਆਇਆ ਸੀ ਪ੍ਰੰਤੂ ਉਸ ਦਾ ਜਦੋਂ ਕੋਈ ਸੁਨੇਹਾ ਨਾ ਆਇਆ।
ਜਦੋਂ ਅਸੀਂ ਆਪਣੇ ਤੌਰ 'ਤੇ ਛਾਣਬੀਣ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਪ੍ਰੇਮ ਸਿੰਘ ਬੈਂਕ ਤਾਂ ਗਿਆ ਹੀ ਨਹੀਂ ਅਤੇ ਸਾਰੀ ਕਹਾਣੀ ਮਨਘੜਤ ਹੈ। ਇਸ ਨੇ ਸਾਢੇ 17 ਲੱਖ 25 ਹਜ਼ਾਰ ਰੁਪਏ ਹੜੱਪ ਕਰਨ ਦੀ ਨੀਅਤ ਨਾਲ ਇਹ ਸਾਰਾ ਡਰਾਮਾ ਫ਼ਰਜ਼ੀ ਰਚਿਆ ਹੈ। ਇਸ ਲਈ ਲਹਿਰਾ ਪੁਲਿਸ ਨੇ ਪਰਚਾ ਦਰਜ ਕਰਕੇ ਭਾਲ ਕੀਤੀ, ਜਿਸ ਉਪਰੰਤ ਦੋਸ਼ੀ ਪ੍ਰੇਮ ਸਿੰਘ ਨੂੰ ਕਾਬੂ ਕਰ ਲਿਆ ਗਿਆ।
ਦੂਜੇ ਪਾਸੇ ਇਸ ਸਬੰਧੀ ਆਰੋਪੀ ਪ੍ਰੇਮ ਸਿੰਘ ਨੇ ਪੱਤਰਕਾਰਾਂ ਸਾਹਮਣੇ ਵੀ ਮੰਨਿਆ ਕਿ ਇਹ ਪੈਸੇ ਮੈਂ ਕਿਸੇ ਵਿਅਕਤੀ ਦੇ ਝਾਂਸੇ ਵਿਚ ਆ ਕੇ ਡਬਲ ਕਰਾਉਣ ਲਈ ਦੇ ਦਿੱਤੇ, ਜੋ ਬਾਅਦ ਵਿੱਚ ਮੁੱਕਰ ਗਿਆ। ਹੁਣ ਲਹਿਰਾ ਪੁਲਿਸ ਪੈਸਿਆਂ ਦੀ ਬਰਾਮਦਗੀ ਲਈ ਜਾਂਚ ਵਿਚ ਜੁੱਟ ਗਈ ਹੈ।