ਚੰਡੀਗੜ੍ਹ: ਉਦਘਾਟਨ ਤਕ ਜਾਪਦਾ ਸੀ ਕਿ ਇਸ ਵਾਰ ਨਵਜੋਤ ਸਿੰਘ ਦੀ ਪਾਕਿਸਤਾਨ ਫੇਰੀ ਵਿਵਾਦਾਂ ਤੋਂ ਬਚ ਗਈ ਹੈ, ਪਰ ਅਜਿਹਾ ਨਾ ਹੋ ਸਕਿਆ। ਤਿੰਨ ਮਹੀਨਿਆਂ ਬਾਅਦ ਪਾਕਿਸਤਾਨ ਗਏ ਸਿੱਧੂ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਪਾਕਿਸਤਾਨ ਦੇ ਨਾਗਰਿਕ ਤੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ। ਇਸ ਤੋਂ ਬਾਅਦ ਸਿੱਧੂ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ।


ਦਿੱਲੀ ਤੋਂ ਅਕਾਲੀ ਵਿਧਾਇਕ ਤੇ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਨੂੰ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਦੀ ਅਪੀਲ ਕੀਤੀ ਸੀ ਪਰ ਉਹ ਫਿਰ ਵੀ ਉੱਥੇ ਜਾਂਦੇ ਹਨ ਤੇ ਗੋਪਾਲ ਸਿੰਘ ਚਾਵਲਾ ਨਾਲ ਫ਼ੋਟੋ ਖਿਚਵਾਉਂਦੇ ਹਨ।


ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਫ਼ਿਜ਼ ਸਈਦ ਦਾ ਨਜ਼ਦੀਕੀ ਹੈ ਤੇ ਕੀ ਕੈਪਟਨ ਹੁਣ ਆਪਣੇ ਗ਼ੈਰ ਜ਼ਿੰਮੇਵਾਰ ਮੰਤਰੀ ਨੂੰ ਹਟਾਉਣਗੇ? ਆਪਣੇ ਪਿਛਲੇ ਪਾਕਿਸਤਾਨ ਦੌਰੇ ਦੌਰਾਨ ਵੀ ਸਿੱਧੂ ਵਿਵਾਦਾਂ ਵਿੱਚ ਘਿਰ ਗਏ ਸਨ। ਉਸ ਸਮੇਂ ਉਨ੍ਹਾਂ ਦੀ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਸਵਾਲਾਂ ਵਿੱਚ ਆ ਗਈ ਸੀ ਤੇ ਇਸ ਵਾਰ ਵਿਵਾਦਤ ਸ਼ਖ਼ਸੀਅਤ ਗੋਪਾਲ ਚਾਵਲਾ ਨਾਲ ਆਈ ਤਸਵੀਰ ਤੋਂ ਵਿਵਾਦ ਪੈਦਾ ਹੋ ਗਿਆ ਹੈ।