ਚੰਡੀਗੜ੍ਹ: ਬਹੁਕਰੋੜੀ ਸਕਾਲਰਸ਼ਿਪ ਦਾ ਘੁਟਾਲਾ ਹੁਣ ਸੂਬੇ 'ਚ ਜ਼ੋਰ ਫੜ੍ਹਦਾ ਜਾ ਰਿਹਾ ਹੈ।ਸ੍ਰੋਮਣੀ ਅਕਾਲੀ ਦਲ ਨੇ ਅੱਜ ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋ ਮੁੱਖ ਸਕੱਤਰ ਤੋਂ ਬਹੁਕਰੋੜੀ ਜਾਂਚ ਕਰਵਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।ਅਕਾਲੀ ਦਲ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਨੂੰ ਇਹ ਜਾਂਚ ਸਿਰਫ ਕੈਬਨਿਟ ਮੰਤਰੀ ਨੂੰ ਕਲੀਨ ਚਿੱਟ ਦੇਣ ਲਈ ਸੌਂਪੀ ਗਈ ਹੈ।


ਸ਼੍ਰੋਮਣੀ ਅਕਾਲੀ ਦਲ ਨੇ ਸਕਾਲਰਸ਼ਿਪ ਸਕੀਮ ਤਹਿਤ ਕੇਂਦਰ ਤੋਂ ਪ੍ਰਾਪਤ ਹੋਏ ਪੂਰੇ 811 ਕਰੋੜ ਰੁਪਏ ਦੀ ਜਾਂਚ ਦੀ ਮੰਗ ਕੀਤੀ ਹੈ।ਅਕਾਲੀ ਦਲ ਦਾ ਮੰਨਣਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਘੁਟਾਲੇ ਦੀ ਗੁੰਜਾਇਸ਼ 63 ਕਰੋੜ ਰੁਪਏ ਤੋਂ ਵੀ ਵੱਧ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰ ਅਤੇ ਉਸ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਤੋਂ ਇਲਾਵਾ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਲਈ ਅੱਤਿਆਚਾਰ ਰੋਕੂ ਐਕਟ ਅਧੀਨ ਇਕ ਵੱਖਰਾ ਕੇਸ ਦਰਜ ਕੀਤੇ ਜਾਣ ਦੀ ਵੀ ਮੰਗ ਅਕਾਲੀ ਦਲ ਨੇ ਚੁੱਕੀ ਹੈ।

ਉਧਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਥਵਰਚੰਦ ਗਹਿਲੋਤ ਨੂੰ ਚਿੱਠੀ ਲਿਖ ਇਸ ਬਹੁਕਰੋੜੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਬੇਤੁਕੇ ਬਿਆਨ ਤੋਂ ਵੱਧ ਕੁਝ ਨਹੀਂ।ਕੈਪਟਨ ਨੇ ਕਿਹਾ ਕੇਂਦਰੀ ਮੰਤਰੀ ਨੂੰ ਹਰੇਕ ਮਾਮਲੇ ਵਿੱਚ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕਰਨ ਦੀ ਆਦਤ ਪੈ ਗਈ ਹੈ ਜਿਸ ਨਾਲ ਇਸ ਏਜੰਸੀ ਦੇ ਵਿਸ਼ੇਸ਼ ਰੁਤਬੇ ਨੂੰ ਹੋਰ ਕਮਜ਼ੋਰ ਕੀਤਾ ਜਾਂਦਾ ਹੈ ਜਿਸ ਦੀ ਸ਼ਾਖ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਵਿੱਚ ਡਿੱਗ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਆਪਣੇ ਅਹੁਦੇ ਦਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸਤੇਮਾਲ ਕਰਨ ਦੀ ਬਜਾਏ ਹਰਸਿਮਰਤ ਆਪਣਾ ਸਾਰਾ ਸਮਾਂ ਸੂਬੇ ਦੀ ਲੋਕਾਂ ਦੀ ਭਲਾਈ ਦੀ ਕੀਮਤ 'ਤੇ ਆਪਣੇ ਐਨ.ਡੀ.ਏ. ਭਾਈਵਾਲ ਦੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲਾਉਂਦੀ ਰਹਿੰਦੀ ਹੈ।

ਇਹ ਵੀ ਪੜ੍ਹੋFarmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ