Adulteration in Milk and Ghee: ਪੰਜਾਬ 'ਚ ਦੁਕਾਨਾਂ 'ਤੇ ਖੁੱਲ੍ਹੇਆਮ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ। ਦੁੱਧ ਦਾ ਵੀ ਇਹੀ ਹਾਲ ਹੈ। ਅਜਿਹੇ 'ਚ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਇਹ ਖੁਲਾਸਾ ਹੋਇਆ ਹੈ। ਜਾਂਚ ਦੌਰਾਨ 21 ਫੀਸਦੀ ਦੇਸੀ ਘਿਓ ਤੇ 13.6 ਫੀਸਦੀ ਦੁੱਧ ਦੇ ਸੈਂਪਲ ਮਾਪਦੰਡਾਂ 'ਤੇ ਪੂਰੇ ਨਹੀਂ ਉਤਰੇ।


ਇਹ ਸਾਰੇ ਸੈਂਪਲ 2023-24 ਵਿੱਚ ਲਏ ਗਏ ਸਨ। ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਤੇ 24 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 88 ਮਾਪਦੰਡਾਂ 'ਤੇ ਖਰੇ ਨਹੀਂ ਉਤਰੇ। ਖੋਏ ਦੇ 26 ਫੀਸਦੀ ਸੈਂਪਲ ਫੇਲ੍ਹ ਹੋਏ ਹਨ। ਪਿਛਲੇ ਤਿੰਨ ਸਾਲਾਂ ਵਿੱਚ 20988 ਦੁੱਧ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 3712 ਸੈਂਪਲ ਫੇਲ੍ਹ ਪਾਏ ਗਏ। ਸਾਲ 2023-24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ। ਇਸ ਵਿੱਚ 929 ਨਮੂਨੇ ਫੇਲ੍ਹ ਹੋਏ।


ਘਿਓ ਦੀ ਪਛਾਣ ਕਿਵੇਂ ਕਰੀਏ
ਦਰਅਸਲ ਪੰਜਾਬੀ ਰਸੋਈਆਂ ਵਿੱਚ ਘਿਓ ਦੀ ਵਰਤੋਂ ਆਮ ਹੈ। ਆਯੁਰਵੇਦ ਅਨੁਸਾਰ ਇਹ ਚੰਗੀ ਸਿਹਤ ਨੂੰ ਵਧਾਵਾ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਪੂਰੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਤੇ ਪੋਸ਼ਣ ਦਿੰਦਾ ਹੈ। ਅੱਜ ਕੱਲ੍ਹ ਬਜ਼ਾਰ ਵਿੱਚੋਂ ਘਿਓ ਖਰੀਦਣ ਵੇਲੇ ਮਨ ਵਿੱਚ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਖਰੀਦਿਆ ਗਿਆ ਘਿਓ ਸ਼ੁੱਧ ਹੈ ਜਾਂ ਇਸ ਵਿੱਚ ਕਿਸੇ ਕਿਸਮ ਦੀ ਮਿਲਾਵਟ ਤਾਂ ਨਹੀਂ ਕੀਤੀ ਗਈ। ਅਸਲੀ ਘਿਓ ਦੀ ਪਛਾਣ ਨਾ ਹੋਣ ਕਾਰਨ ਗਾਹਕ ਨੂੰ ਕਾਫੀ ਪੈਸੇ ਦੇਣ ਦੇ ਬਾਵਜੂਦ ਸਹੀ ਉਤਪਾਦ ਨਹੀਂ ਮਿਲ ਰਿਹਾ। ਆਓ ਜਾਣਦੇ ਹਾਂ ਮਿਲਾਵਟੀ ਘਿਓ ਦੀ ਪਛਾਣ ਕਿਵੇਂ ਕਰੀਏ।



ਦੇਸੀ ਘਿਓ ਦੀ ਪਛਾਣ ਕਰਨ ਲਈ, ਕੁਝ ਘਿਓ ਨੂੰ ਹਥੇਲੀ ‘ਤੇ ਰੱਖੋ ਤੇ ਕੁਝ ਦੇਰ ਤੱਕ ਇਸ ਦੇ ਪਿਘਲਣ ਦਾ ਇੰਤਜ਼ਾਰ ਕਰੋ। ਕੁਝ ਦੇਰ ਬਾਅਦ ਜੇਕਰ ਹਥੇਲੀ ‘ਤੇ ਰੱਖਿਆ ਘਿਓ ਪਿਘਲਣ ਲੱਗ ਜਾਵੇ ਤਾਂ ਸਮਝੋ ਕਿ ਘਿਓ ਸ਼ੁੱਧ ਹੈ, ਜਦੋਂਕਿ ਜੇਕਰ ਨਹੀਂ ਪਿਘਲਦਾ ਤਾਂ ਸਮਝ ਲਓ ਕਿ ਘਿਓ ਮਿਲਾਵਟ ਵਾਲਾ ਹੈ।


ਘਿਓ ਵਿੱਚ ਮਿਲਾਵਟ ਕਰਨ ਲਈ ਲੋਕ ਨਾਰੀਅਲ ਤੇਲ ਦੀ ਵਰਤੋਂ ਕਰਦੇ ਹਨ। ਮਿਲਾਵਟੀ ਘਿਓ ਦੀ ਪਛਾਣ ਕਰਨ ਲਈ ਕੱਚ ਦੇ ਕਟੋਰੇ ਵਿਚ ਥੋੜ੍ਹਾ ਜਿਹਾ ਘਿਓ ਪਾ ਕੇ ਪਿਘਲਣ ਦਿਓ। ਫਿਰ ਇਸ ਪਿਘਲੇ ਹੋਏ ਘਿਓ ਨੂੰ ਸ਼ੀਸ਼ੀ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। ਥੋੜ੍ਹ ਦੇਰ ਬਾਅਦ ਜੇਕਰ ਘਿਓ ਪਰਤਾਂ ਵਿੱਚ ਟਿਕਣ ਲੱਗ ਜਾਵੇ ਤਾਂ ਸਮਝੋ ਕਿ ਘਿਓ ਮਿਲਾਵਟ ਵਾਲਾ ਹੈ।



ਘਿਓ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ, ਕੜਾਹੀ ਵਿੱਚ ਘਿਓ ਪਾਓ ਤੇ ਇਸ ਨੂੰ ਮੱਧਮ ਅੱਗ ‘ਤੇ ਕੁਝ ਦੇਰ ਲਈ ਗਰਮ ਕਰਨ ਦਿਓ। ਜੇਕਰ ਘਿਓ ਪਿਘਲ ਕੇ ਭੂਰਾ ਰੰਗ ਦਾ ਹੋ ਜਾਵੇ ਤਾਂ ਇਹ ਸ਼ੁੱਧ ਹੈ। ਦੂਜੇ ਪਾਸੇ ਜੇਕਰ ਘਿਓ ਨੂੰ ਪਿਘਲਣ ਵਿੱਚ ਸਮਾਂ ਲੱਗਦਾ ਹੈ ਤੇ ਉਹ ਪੀਲਾ ਹੋ ਜਾਂਦਾ ਹੈ ਤਾਂ ਇਸ ਵਿਚ ਮਿਲਾਵਟ ਹੋਈ ਹੈ। ਜੇਕਰ ਘਿਓ ਵਿੱਚ ਥੋੜ੍ਹਾ ਜਿਹਾ ਆਇਓਡੀਨ ਦਾ ਘੋਲ ਮਿਲਾਇਆ ਜਾਵੇ, ਜਿਸ ਦਾ ਰੰਗ ਭੂਰਾ ਅਤੇ ਬੈਂਗਣੀ ਹੋ ਜਾਂਦਾ ਹੈ, ਤਾਂ ਘਿਓ ਵਿੱਚ ਸਟਾਰਚ ਦੀ ਮਿਲਾਵਟ ਹੁੰਦੀ ਹੈ।