ਅੰਮ੍ਰਿਤਸਰ: ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਅੰਮ੍ਰਿਤਸਰ ਪੁਲਿਸ ਨੂੰ ਅੱਜ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਮਿਲ ਗਿਆ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦੀ ਜੇਲ੍ਹ 'ਚ ਨਜ਼ਰਬੰਦ ਗੈਂਗਸਟਰ ਜੱਗੂ ਦੀ ਪੰਜਾਬ ਲਿਆ ਕੇ ਪੜਤਾਲ ਕਰਨਾ ਹਾਲੇ ਵੀ ਪੁਲਿਸ ਲਈ ਵੱਡੀ ਚੁਣੌਤੀ ਹੈ।


ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜੱਗੂ ਖਿਲਾਫ ਮਕੋਕਾ ਤਹਿਤ ਵੀ ਕੇਸ ਦਰਜ ਹੋਣ ਕਰਕੇ ਪੰਜਾਬ ਲਿਆ ਕੇ ਪੁੱਛਗਿੱਛ ਕਰਨ ਲਈ ਦਿੱਲੀ ਦੀ ਅਦਾਲਤ ਤੋਂ ਇਜਾਜਤ ਲੈਣੀ ਲਾਜਮੀ ਹੈ। ਇਸ 'ਚ ਹਾਲੇ ਹਫਤੇ ਦੇ ਕਰੀਬ ਸਮਾਂ ਲੱਗਣ ਦੀ ਸੰਭਾਵਨਾ ਹੈ ਜਦਕਿ ਪੁਲਿਸ ਮੁਤਾਬਕ ਅਦਾਲਤ ਇਹ ਵੀ ਹੁਕਮ ਕਰ ਸਕਦੀ ਹੈ ਕਿ ਜੱਗੂ ਕੋਲੋਂ ਪੰਜਾਬ ਦੀ ਬਜਾਏ ਦਿੱਲੀ 'ਚ ਹੀ ਪੁੱਛਗਿੱਛ ਕੀਤੀ ਜਾਵੇ।


ਅੰਮ੍ਰਿਤਸਰ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਦੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਤਾਂ ਮਿਲ ਗਿਆ ਹੈ ਪਰ ਦਿੱਲੀ ਦੀ ਅਦਾਲਤ ਦੇ ਹੁਕਮ 'ਤੇ ਬਹੁਤ ਕੁਝ ਨਿਰਭਰ ਕਰਦਾ ਹੈ ਤੇ ਪੁਲਿਸ ਵੱਲੋਂ ਕਾਨੂੰਨੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਜੇਕਰ ਅਦਾਲਤ ਦਾ ਹੁਕਮ ਹੋਇਆ ਕਿ ਦਿੱਲੀ 'ਚ ਹੀ ਜੱਗੂ ਕੋਲੋਂ ਪੁੱਛਗਿੱਛ ਕੀਤੀ ਜਾਵੇ ਤਾਂ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਚੱਲਿਆ ਜਾਵੇਗਾ।