Amritsar News: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਅੰਮ੍ਰਿਤਸਰ ਵਿਖੇ ਕਰਵਾਏ ਅਰਦਾਸ ਤੇ ਹਲਫ ਸਮਾਗਮ ਦੀ ਵਿਰੋਧੀ ਧਿਰਾਂ ਕਈ ਪੱਖਾਂ ਤੋਂ ਅਲੋਚਨਾ ਕਰ ਰਹੀਆਂ ਹਨ। ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਦਰਬਾਰ ਸਾਹਿਬ ’ਚ ਕਰਵਾਏ ਸਮਾਗਮ ਵਾਸਤੇ ਪੁਲਿਸ ਅਧਿਕਾਰੀਆਂ ਨੂੰ ਵੀ ਬਸੰਤੀ ਪੱਗਾਂ ਬੰਨ੍ਹ ਕੇ ਆਉਣ ਦੇ ਹੁਕਮ ਦਿੱਤੇ ਸਨ। ਮਜੀਠੀਆ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। 


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਹੈ ਕਿ...ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਦਰਬਾਰ ਸਾਹਿਬ ’ਚ ਕਰਵਾਏ ਰਾਜਸੀ ਸਮਾਗਮ ਵਾਸਤੇ ਪੁਲਿਸ ਅਧਿਕਾਰੀਆਂ ਨੂੰ ਵੀ ਬਸੰਤੀ ਪੱਗਾਂ ਬੰਨ ਕੇ ਆਉਣ ਦੇ ਹੁਕਮ ਦਿੱਤੇ ਸਨ। ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਨੇ ਵੀ ਹੁਕਮ ਇਸ ਤਰੀਕੇ ਵਜਾਏ ਜਿਵੇਂ ਉਹ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹੋਣ। ਸਿਵਲ ਵਰਦੀ ਦੀ ਥਾਂ ਬਸੰਤੀ ਪੱਗਾਂ ਸਜਾ ਕੇ ਪੁਲਿਸ ਨੇ ਸਾਬਤ ਕੀਤਾ ਹੈ ਕਿ ਸੱਤਾ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ....ਸ਼ਰਮ ਕਰੋ ਭਗਵੰਤ ਮਾਨ...ਸ਼ਰਮ ਕਰੋ


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਵੱਲੋਂ ਅੰਮ੍ਰਿਤਸਰ ਵਿੱਚ 40 ਹਜ਼ਾਰ ਸਕੂਲੀ ਬੱਚਿਆਂ ਨੂੰ ਨਸ਼ਿਆਂ ਖਿਲਾਫ ਹਲ਼ਫ ਦਵਾਉਣ ਬਾਰੇ ਬੇਸ਼ੱਕ ਵਿਰੋਧੀ ਧਿਰਾਂ ਬਿਆਨਬਾਜ਼ੀ ਕਰ ਰਹੀਆਂ ਹਨ ਪਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੀਲੀਆਂ ਚੁੰਨੀਆਂ ਤੇ ਦਸਤਾਰਾਂ ਨੇ ਇੱਕ ਅਨੌਖਾ ਰੰਗ ਬੰਨ੍ਹ ਦਿੱਤਾ ਸੀ। ਇਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।









ਦਰਅਸਲ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ‘ਦ ਹੋਪ ਇਨੀਸ਼ੀਏਟਿਵ- ਅਰਦਾਸ, ਹਲਫ ਤੇ ਖੇਡਾਂ’ ਸਮਾਗਮ ਦੌਰਾਨ ਬੁੱਧਵਾਰ ਨੂੰ ਸ਼ਹਿਰ ਪੀਲੀਆਂ ਦਸਤਾਰਾਂ ਨਾਲ ਰੰਗਿਆ ਨਜ਼ਰ ਆਇਆ। ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੌਨਿਹਾਲ ਸਿੰਘ ਵੱਲੋਂ ਸ਼ਹਿਰ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ।


ਇਸ ਤਹਿਤ ਬੁੱਧਵਾਰ ਨੂੰ ਲਗਪਗ 40 ਹਜ਼ਾਰ ਸਕੂਲੀ ਬੱਚਿਆਂ ਨੇ ਪੀਲੀਆ ਦਸਤਾਰਾਂ, ਪੀਲੇ ਪਟਕੇ ਤੇ ਪੀਲੇ ਦੁਪੱਟੇ ਲੈ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪੁਰਾਣੇ ਸ਼ਹਿਰ ਦੇ ਅੰਦਰ ਵੱਖ-ਵੱਖ ਹਿੱਸਿਆਂ ਤੋਂ ਇਹ ਵਿਦਿਆਰਥੀ ਗੁਰੂ ਘਰ ਦੇ ਚਾਰ ਰਸਤਿਆਂ ਰਾਹੀਂ ਦਰਬਾਰ ਸਾਹਿਬ ਪੁੱਜੇ ਜਿੱਥੇ ਹਨਾਂ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।