ਮੁਹਾਲੀ: ਮੁਹਾਲੀ ਪੁਲਿਸ ਨੇ ਜਲਵਾਯੂ ਟਾਵਰ ਇਲਾਕੇ 'ਚ ਅਚਾਨਕ ਰੇਡ ਮਾਰੀ ਹੈ। ਪੁਲਿਸ ਨੇ ਇਸ ਦੌਰਾਨ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਸੂਤਰਾਂ ਮੁਤਾਬਕ ਹਿਰਾਸਤ 'ਚ ਲਏ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਮੂਸੇਵਾਲਾ ਕਤਲ ਕਾਂਡ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ। ਹਾਲਾਂਕਿ ADGP ਮੁਹਾਲੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਕੁੱਝ ਲੋਕ ਬਿਨ੍ਹਾ ਵੈਰੀਫਿਕੇਸ਼ਨ ਇੱਥੇ ਰਹਿੰਦੇ ਹਨ ਜਿਸ ਦਾ ਕੁਝ ਐਂਟੀ ਸੋਸ਼ਲ ਐਲੀਮੈਂਟ ਵੀ ਫਾਇਦਾ ਲੈਂਦੇ ਹਨ।



ਜਾਣਕਾਰੀ ਮੁਤਾਬਕ ਮੁਹਾਲੀ ਜ਼ਿਲ੍ਹੇ ਦੇ ਖਰੜ ਜਲਵਾਯੂ ਟਾਵਰ ਵਿੱਚ ਜ਼ਿਲ੍ਹਾ ਅਪਰੇਸ਼ਨ ਸੈੱਲ ਤੇ ਐਸਐਸਪੀ ਮੁਹਾਲੀ ਨੇ ਵੱਡੀ ਕਾਰਵਾਈ ਕੀਤੀ। 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਿਸ ਵਿੱਚ ਇੱਕ ਲੋੜੀਂਦਾ ਦੱਸਿਆ ਜਾ ਰਿਹਾ ਹੈ। ਇਹ ਅਪਰੇਸ਼ਨ ਸਵੇਰੇ 7 ਵਜੇ ਦੇ ਕਰੀਬ ਕੀਤਾ ਗਿਆ। ਹੁਣ ਦੇਖਣਾ ਇਹ ਹੋਏਗਾ ਕਿ ਲੋੜੀਂਦਾ ਨੌਜਵਾਨ ਮੂਸੇਵਾਲਾ ਕੇਸ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਹੋਰ ਕੇਸ ਨਾਲ। ਜਲਵਾਯੂ ਟਾਵਰ ਪਹਿਲਾਂ ਵੀ ਸੁਰਖੀਆਂ 'ਚ ਰਿਹਾ ਹੈ। ਵਿੱਕੀ ਮਿੱਢੂਖੇੜਾ ਦੀ ਰੇਕੀ ਵੀ ਇਨ੍ਹਾਂ ਫਲੈਟਸ 'ਚ ਰਹਿ ਕਿ ਕੀਤੀ ਗਈ ਸੀ।

ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਕੇਸ 'ਚ ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ 'ਚ ਲਿਆ। ਕੇਸ਼ਵ 'ਤੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹੈ। ਉਸ 'ਤੇ ਆਰੋਪ ਹੈ ਕਿ ਉਸ ਨੇ ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦਿੱਤੇ ਸੀ। ਕਤਲ ਵਾਲੇ ਦਿਨ ਕੇਕੜਾ ਦੇ ਨਾਲ ਹੀ ਕੇਸ਼ਵ ਸੀ।