ਚੰਡੀਗੜ੍ਹ: ਸੰਨ 1993 ਵਿੱਚ ਪੁਲਿਸ ਦੀ ਗੋਲ਼ੀ ਨਾਲ ਸਿਪਾਹੀ ਦੀ ਮੌਤ ਹੋਣ ਦੇ ਮਾਮਲੇ ਨੂੰ ਅੱਤਵਾਦੀਆਂ ਨਾਲ ਮੁਕਾਬਲਾ ਦਰਸਾਉਣ ਵਾਲੇ ਸੇਵਾਮੁਕਤ ਐਸਪੀ ਹਰਪਾਲ ਸਿੰਘ ਅਤੇ ਕੁੱਲ 10 ਜਣਿਆਂ ਨੂੰ ਰੂਪਨਗਰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਸਿਪਾਹੀ ਸਿਪਾਹੀ ਪਰਮਜੀਤ ਸਿੰਘ ਵਾਸੀ ਪਿੰਡ ਬੁੱਢਾਭੋਰਾ ਦੀ ਮੌਤ ਦੇ ਮੁਲਜ਼ਮਾਂ ਵਿੱਚ ਇੱਕ ਔਰਤ ਅਤੇ ਨੌਂ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
ਮ੍ਰਿਤਕ ਸਿਪਾਹੀ ਦੇ ਵਕੀਲ ਅਰਸ਼ਨੂਰ ਸਿੰਘ ਨੇ ਦੱਸਿਆ, "ਜ਼ਿਲ੍ਹਾ ਰੂਪਨਗਰ ਦੇ ਪਿੰਡ ਮੌਜਲੀਪੁਰ ਵਿੱਚ ਮਹਿੰਦਰ ਕੌਰ ਨੇ ਪਿੰਡ ਖਵਾਸਪੁਰ ਦੇ ਭਾਗ ਸਿੰਘ ਤੋਂ ਨੌਕਰੀ ਲਵਾਉਣ ਲਈ 5000 ਰੁਪਏ ਲਏ ਸਨ। ਨੌਕਰੀ ਨਾ ਮਿਲਣ ’ਤੇ ਭਾਗ ਸਿੰਘ ਪੈਸੇ ਵਾਪਸ ਮੰਗ ਰਿਹਾ ਸੀ। ਭਾਗ ਸਿੰਘ ਉਸੇ ਸਾਲ 9 ਜੁਲਾਈ ਦੀ ਸਵੇਰ ਪਰਮਜੀਤ ਸਿੰਘ ਨਾਲ ਨੂੰ ਲੈ ਕੇ ਮਹਿੰਦਰ ਕੌਰ ਦੇ ਘਰ ਗਿਆ ਸੀ ਪਰ ਮਹਿੰਦਰ ਕੌਰ ਨੇ ਸ਼ਾਮ ਨੂੰ ਆਉਣ ਲਈ ਕਹਿ ਦਿੱਤਾ। ਆਥਣੇ ਸ਼ਾਮ ਨੂੰ ਪਰਮਜੀਤ ਸਿੰਘ ਸਾਈਕਲ ’ਤੇ ਇਕੱਲਾ ਹੀ ਪੈਸੇ ਲੈਣ ਚਲਾ ਗਿਆ ਅਤੇ ਪਿੰਡ ਮੌਜਲੀਪੁਰ ਪੁੱਜਦੇ ਹੀ ਪੁਲਿਸ ਪਾਰਟੀ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਸੀ। ਤਲਾਸ਼ੀ ਤੋਂ ਬਾਅਦ ਪਛਾਣ ਹੋਈ ਕਿ ਪਰਮਜੀਤ ਸਿੰਘ ਪੁਲਿਸ ਮੁਲਾਜ਼ਮ ਸੀ, ਜਿਸ ਤੋਂ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀਆਂ ਨਾਲ ਮੁਕਾਬਲਾ ਦੱਸਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਨੰਬਰ -32 (1993) ਦਰਜ ਕੀਤੀ ਸੀ।"
ਐਡਵੋਕੇਟ ਅਰਸ਼ਨੂਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੇ ਦਾਦਾ ਦਲਜੀਤ ਸਿੰਘ ਨੇ ਰੂਪਨਗਰ ਦੀ ਅਦਾਲਤ ਵਿੱਚ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 304-ਏ ਅਤੇ 120-ਬੀ ਤਹਿਤ ਦੋਸ਼ ਆਇਦ ਕੀਤੇ ਸਨ। ਇਸ ਮਾਮਲੇ ਵਿੱਚ ਸੇਵਾਮੁਕਤ ਐੱਸਪੀ ਹਰਪਾਲ ਸਿੰਘ (ਤਤਕਾਲੀ ਐੱਸਐੱਚਓ, ਸ੍ਰੀ ਚਮਕੌਰ ਸਾਹਿਬ), ਏਐੱਸਆਈ ਸੰਤੋਖ ਸਿੰਘ, ਗੁਰਨਾਮ ਸਿੰਘ ਏਐੱਸਆਈ ਬੇਲਾ ਚੌਕੀ, ਹੌਲਦਾਰ ਇਕਬਾਲ ਮੁਹੰਮਦ, ਸਿਪਾਹੀ ਮਹਿੰਦਰ ਸਿੰਘ, ਸਿਪਾਹੀ ਸੁਖਵਿੰਦਰ ਲਾਲ, ਸਿਪਾਹੀ ਪਰਮੇਲ ਸਿੰਘ, ਸਿਪਾਹੀ ਰਜਿੰਦਰ ਸਿੰਘ, ਸਿਪਾਹੀ ਜਸਵਿੰਦਰ ਸਿੰਘ ਅਤੇ ਮਹਿੰਦਰ ਕੌਰ ਮੌਜਲੀਪੁਰ ਸ਼ਾਮਲ ਹਨ। ਮਾਮਲੇ ਦੀ ਸੁਣਵਾਈ 2 ਅਪਰੈਲ ਤੈਅ ਕੀਤੀ ਗਈ ਹੈ।