ਰਾਜਪੁਰਾ: ਸ਼ਹਿਰ ਵਿੱਚ ਐਤਵਾਰ ਨੂੰ ਬੀਜੇਪੀ ਲੀਡਰਾਂ ਦੇ ਘਿਰਾਓ ਮਗਰੋਂ ਪੁਲਿਸ ਨੇ 153 ਕਿਸਾਨਾਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਦੇ ਚੱਲਦਿਆਂ ਅੱਜ ਸਵੇਰੇ ਰਾਜਪੁਰਾ ਦੇ ਆਸੇਪਾਸੇ ਪਿੰਡਾਂ ਵਿੱਚ ਪੁਲਿਸ ਪਾਰਟੀਆਂ ਨੇ ਛਾਪੇ ਮਾਰੇ। ਰਾਜਪੁਰਾ ਨਜ਼ਦੀਕ ਖਾਨਪੁਰ, ਭੋਗਲਾ, ਨੀਲਪੁਰ, ਆਕੜੀ ਤੇ ਹੋਰ ਪਿੰਡਾਂ ਵਿੱਚ ਕਈ ਨੌਜਵਾਨਾਂ ਕਾਬੂ ਕੀਤੇ।


ਸੂਤਰਾਂ ਅਨੁਸਾਰ 50 ਦੇ ਕਰੀਬ ਵਿਅਕਤੀਆਂ ਨੂੰ  ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਨੂੰ ਰਾਜਪੁਰਾ ਤੇ ਗੰਡਾਖੇੜੀ ਥਾਣਿਆਂ ਵਿੱਚ ਰੱਖਿਆ ਗਿਆ ਹੈ। ਪੁਲੀਸ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।


ਇਸ ਤੋਂ ਖਫਾ ਕਿਸਾਨ ਜਥੇਬੰਦੀਆਂ ਨੇ ਗਗਨ ਚੌਕ ਵਿਖੇ ਜਾਮ ਲਾ ਦਿੱਤਾ ਹੈ। ਇਸ ਨਾਲ ਅੰਬਾਲਾ-ਅੰਮ੍ਰਿਤਸਰ ਸੜਕ 'ਤੇ ਆਵਾਜਾਈ ਠੱਪ ਹੋ ਗਈ ਹੈ। ਪਟਿਆਲਾ-ਚੰਡੀਗੜ੍ਹ 'ਤੇ ਵੀ ਆਵਾਜਾਈ ਸੰਭਵ ਨਹੀਂ। ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਨਾਲ ਮਿਲਕੇ ਕੰਮ ਕਰ ਰਹੀ ਹੈ।


ਕਿਸਾਨ ਲੀਡਰ ਜਗਜੀਤ ਡੱਲੇਵਾਲ ਨੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਵਾਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਜਾਵੇਗਾ।