Jalandhar News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਹਰਪ੍ਰੀਤ ਸਿੰਘ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਲਈ ਪੁਲਿਸ ਨੇ ਜਲੰਧਰ ਸੈਸ਼ਨ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। 


ਦੱਸ ਦਈਏ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਨੂੰ ਲੰਘੇ ਦਿਨੀਂ ਚਾਰ ਗ੍ਰਾਮ ਆਈਸ ਡਰੱਗ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦੋਵਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਪੁਲਿਸ ਨੇ ਨਵੇਂ ਸਿਰੇ ਤੋਂ ਪਟੀਸ਼ਨ ਦਾਇਰ ਕਰਕੇ ਹਰਪ੍ਰੀਤ ਸਿੰਘ ਦਾ ਰਿਮਾਂਡ ਮੰਗਿਆ ਹੈ। 


ਯਾਦ ਰਹੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਉਪਰ ਸਵਾਲ ਵੀ ਉੱਠ ਰਹੇ ਹਨ। ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ, ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ। 


ਦੱਸ ਦਈਏ ਕਿ ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਜਾਂਚ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਹਰਪ੍ਰੀਤ ਸਿੰਘ ਦੀ ਜਦੋਂ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਉਸ ਸਮੇਂ ਵੀ ਕੋਈ ਨਸ਼ਾ ਕੀਤਾ ਹੋਇਆ ਸੀ।


ਸੁਖਪਾਲ ਖਹਿਰਾ ਨੇ ਵੀ ਉਠਾਏ ਸਵਾਲ


ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦਾ ਟੂਲ ਬਣ ਗਈ ਹੈ ਤੇ ਡਿਬਰੂਗੜ੍ਹ ਵਿਖੇ NSA ਅਧੀਨ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਮਿਲੇ ਨਸ਼ਿਆਂ ਦੀ ਅਸਲੀਅਤ ਬਾਰੇ ਸ਼ੱਕ ਹੈ। ਜੇ ਪੰਜਾਬ ਪੁਲਿਸ 9 ਸਾਲਾਂ ਬਾਅਦ ਐਨਡੀਪੀਐਸ ਕੇਸ ਵਿੱਚ ਤੀਜੀ ਵਾਰ ਵਿਧਾਇਕ ਬਣੇ ਮੇਰੇ ਵਿਰੁੱਧ ਰਿਕਵਰੀ ਕਰਵਾ ਸਕਦੀ ਹੈ ਤੇ ਉਹ ਐਨਡੀਪੀਐਸ ਕੇਸਾਂ ਵਿੱਚ ਕੈਦ ਕੱਟ ਰਹੇ ਇੱਕ ਕਠੋਰ ਮੁਜਰਮ ਦੇ ਬਿਆਨਾਂ ’ਤੇ ਤਾਂ ਹਰਪ੍ਰੀਤ ਸਿੰਘ ਵਿਰੁੱਧ ਫਰਜ਼ੀ ਰਿਕਵਰੀ ਕਿਉਂ ਨਹੀਂ ਹੋ ਸਕਦੀ ?


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।