Farmer Protest: ਕੇਂਦਰ ਤੇ ਪੰਜਾਬ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਨਿਕਲੇ ਕਿਸਾਨਾਂ ਉੱਤੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਜਿਵੇਂ ਹੀ ਕਿਸਾਨ ਮੀਟਿੰਗ ਖ਼ਤਮ ਕਰਕੇ ਚੰਡੀਗੜ੍ਹ ਤੋਂ ਪੰਜਾਬ ਦੀ ਹਦੂਦ ਅੰਦਰ ਦਾਖ਼ਲ ਹੋਏ ਤਾਂ ਪੁਲਿਸ ਨੇ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਵਿੱਚ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਦੂਜੀਆਂ ਜਥੇਬੰਦੀਆਂ ਦੇ ਲੀਡਰ ਵੀ ਸ਼ਾਮਲ ਹਨ।


ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਹ ਐਂਬੂਲੈਂਸ ਵਿੱਚ ਹਨ ਤੇ ਉਨ੍ਹਾਂ ਨੂੰ ਉਸੇ ਸਮੇਤ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੀ ਐਂਬੂਲੈਂਸ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਹਨ ਤੇ ਉਨ੍ਹਾਂ ਨੂੰ ਪੁਲਿਸ ਵਾਲੇ ਹੀ ਲੈ ਕੇ ਗਏ ਹਨ।


 



ਉਧਰ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਨੂੰ ਵੀ ਉਨ੍ਹਾਂ ਦੀ ਗੱਡੀ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ। ਪੰਧੇਰ ਦੇ ਡਰਾਈਵਰ ਨੂੰ ਉਤਾਰਿਆ ਗਿਆ ਤੇ ਉਸ ਪੁਲਿਸ ਪੰਧੇਰ ਨੂੰ ਉਨ੍ਹਾਂ ਦੀ ਗੱਡੀ ਵਿੱਚ ਹੀ ਲੈ ਗਈ ਹੈ। ਇਸ ਤੋਂ ਇਲਾਵਾ ਜੋ ਹੋਰ ਸਾਥੀ ਬੱਸਾਂ ਵਿੱਚ ਆਏ ਸਨ  ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।



ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਇਸ ਦੌਰਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥੀਆਂ ਹਨ। ਇਸ ਮੌਕੇ ਭੜਕੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਸ ਤੋਂ ਬਾਅਦ ਹੀ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ ਸ਼ੁਰੂ ਹੋ ਗਈ। ਦੋਵੇਂ ਥਾਵਾਂ ਉਪਰ ਲੱਗੇ ਕਿਸਾਨ ਮੋਰਚਿਆਂ ਉਪਰ ਵੱਡੀ ਗਿਣਤੀ ਪੁਲਿਸ ਪਹੁੰਚ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ। 



ਖਨੌਰੀ ਬਾਰਡਰ ਨੇੜੇ 3-4 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋਈ ਹੈ। ਪੁਲਿਸ ਦੀਆਂ ਆਪਣੀਆਂ ਗੱਡੀਆਂ ਹੋਣ ਦੇ ਬਾਵਜੂਦ ਪੁਲਿਸ ਨੇ PRTC ਦੀਆਂ 40 ਬੱਸਾਂ ਬੁੱਕ ਕਰਵਾਈਆਂ ਹਨ। ਦੁਕਾਨਾਂ ਤੇ ਢਾਬਿਆਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਇਕੱਠੀ ਹੋ ਰਹੀ ਹੈ। ਖੇਤਾਂ ਵਿੱਚ 40 ਦੇ ਲਗਪਗ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਐਂਬੂਲੈਂਸ , ਵਾਟਰ ਕੈਨਨ ਟੈਂਕ ਸਭ ਤਿਆਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਅੱਜ ਰਾਜ ਧਰਨੇ ਚੁਕਾ ਸਕਦੀ ਹੈ। ਕਿਸਾਨ ਲੀਡਰਾਂ ਨੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਰਚਿਆਂ ਵਿੱਚ ਪਹੁੰਚਣ ਲਈ ਕਿਹਾ ਹੈ