ਪਰਮਜੀਤ ਸਿੰਘ
ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਗੁਰਦੁਆਰਾ ਸੁਧਾਰ ਲਹਿਰ ਜ਼ਰੀਏ ਹੀ ਜਿੱਤੀ ਗਈ ਜਿਸ ਦੀ ਵਿਧਾਈ ਖੁਦ ਮਹਾਤਮਾ ਗਾਂਧੀ ਨੇ ਦਿੱਤੀ ਸੀ। ਮਾਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਗੋਰਿਆਂ ਨੇ ਪੰਜਾਬ ਨੂੰ ਆਪਣੇ ਅਧੀਨ ਲਿਆ ਤਾਂ ਉਨ੍ਹਾਂ ਦੀ ਨਜ਼ਰ ਇਤਿਹਾਸਕ ਗੁਰਧਾਮਾ 'ਤੇ ਵੀ ਸੀ। ਇਸ ਲਈ ਉਨ੍ਹਾਂ ਮਹੰਤਾਂ ਤੇ ਪੁਜਾਰੀਆਂ ਦਾ ਸਹਾਰਾ ਲੈਂਦਿਆਂ ਗੁਰਦੁਆਰਿਆਂ ਤੇ ਕਾਬਜ਼ ਹੋ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇੱਕ ਸਮਾਂ ਐਸਾ ਵੀ ਆਇਆ ਕਿ ਜਿਨ੍ਹਾਂ ਗੁਰਦੁਆਰਿਆਂ ਵਿੱਚ ਸਰਬ ਸਾਂਝੀਵਾਲਤਾ ਦੀ ਗੱਲ ਹੁੰਦੀ ਸੀ, ਉੱਥੇ ਕਥਿਤ ਤੌਰ ਤੇ ਅਛੂਤ ਕਹੀਆਂ ਜਾਣ ਵਾਲੀਆਂ ਜਾਤਾਂ ਤੋਂ ਕੜਾਹ ਪ੍ਰਸ਼ਾਦਿ ਤੱਕ ਵੀ ਨਹੀਂ ਸੀ ਲਿਆ ਜਾਂਦਾ ਸੀ। ਇਸ ਤੋਂ ਬਾਅਦ ਪੰਥ ‘ਚ ਇੱਕ ਐਸੀ ਲਹਿਰ ਦੀ ਮੰਗ ਉੱਠਣ ਲੱਗੀ ਜਿਸ ਨਾਲ ਇਨ੍ਹਾਂ ਕੁਰੀਤੀਆਂ ਤੇ ਠੱਲ੍ਹ ਪੈ ਸਕੇ।
ਸਿਰੜੀ ਯੋਧਿਆਂ ਦੀ ਅਣਥੱਕ ਮਿਹਨਤ ਦਾ ਸਦਕਾ ਗੁਰਦੁਆਰਾ ਸਾਹਿਬਾਨ ‘ਚ ਸੁਧਾਰ ਲਿਆਉਣ ਦੇ ਮੰਤਵ ਨਾਲ ‘ਗੁਰਦੁਆਰਾ ਸੁਧਾਰ ਲਹਿਰ’ ਹੋਂਦ ‘ਚ ਆਈ। ਇਸ ਲਹਿਰ ਵਿੱਚ ਅਨੇਕਾਂ ਮੋਰਚੇ ਲੱਗੇ ਤੇ ਸੂਰਬੀਰ ਸਿੰਘਾਂ ਨੇ ਪੁਲਿਸ ਤਸ਼ੱਦਦ ਝੱਲ਼ਦਿਆ ਜੇਲ੍ਹਾਂ ਕੱਟੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਤੋਂ ਬਾਅਦ ਇਨ੍ਹਾਂ ਸ਼ਹਾਦਤਾਂ ਨੂੰ ਬੂਰ ਪਿਆ ਤੇ ਸਿੱਖਾਂ ਦੇ ਖੂਨ ਨਾਲ ਸਿੰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ‘ਚ ਆਈ। ਸਿੱਖਾਂ ਨੇ ਰਾਜਨੀਤਕ ਪੱਧਰ ਤੇ ਦ੍ਰਿੜ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ।
ਪੂਰੇ ਭਾਰਤ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖਾਂ ਨੇ ਆਪਣੇ ਹੱਥਾਂ ‘ਚ ਲਿਆ ਤੇ ਦੁਨੀਆਂ ਸਾਹਮਣੇ ਮਿਸਾਲ ਕਾਇਮ ਕੀਤੀ ਪਰ ਗੁਰਦੁਆਰਿਆਂ ਦੇ ਸੁਧਾਰ ਲਈ ਸ਼ੁਰੂ ਹੋਈ ਇਸ ਲਹਿਰ ‘ਚ ਵੜੇ ਆਪਣੀ ਹੀ ਗੱਦਾਰਾਂ ਨੇ ਅੱਜ ਇਸ ਲਹਿਰ ਦੀਆਂ ਪ੍ਰਾਪਤੀਆਂ ਨੂੰ ਦੇਸ਼ ਪੱਧਰ ਤੋਂ ਚੁੱਕ ਰਾਜ ਪੱਧਰ ਤੇ ਪਿੰਡ ਪੱਧਰ ਤੇ ਲੈ ਆਂਦਾ ਹੈ। ਗੁਰਦੁਆਰਿਆਂ ਦੀ ਪ੍ਰਧਾਨਗੀ ਨੂੰ ਲੈ ਕੇ ਹੋ ਰਹੀਆਂ ਭਰਾ ਮਾਰੂ ਜੰਗਾਂ ਤੇ ਲਹਿ ਰਹੀਆਂ ਪੱਗਾਂ ਗੁਰਦੁਅਰਾ ਸੁਧਾਰ ਲਹਿਰ ਦੇ ਮਰਜੀਵੜਿਆਂ ਦੇ ਰਾਹ ਤੇ ਨਾ ਚੱਲ ਕੇ ਕੌਮ ਇਕ ਨਵੀਂ ਪਿਰਤ ਵੱਲ ਵਧਦੀ ਦਿਖਾਈ ਦੇ ਰਹੀ ਹੈ।
ਭਾਰਤ ਦੀ ਵੰਡ ਤੋਂ ਬਾਅਦ ਸਭ ਤੋਂ ਪਹਿਲਾਂ ਪਾਕਿਸਤਾਨ ‘ਚ ਗੁਰਧਾਮਾਂ ਦੀ ਵੰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਣਾ, ਫਿਰ ਦਿੱਲੀ, ਬਿਹਾਰ, ਨਾਦੇਂੜ੍ਹ ਦੀਆਂ ਗੁਰਦੁਆਰਾ ਕਮੇਟੀਆਂ, ਬੋਰਡ ਤੇ ਬੀਤੇ ਦਿਨੀਂ ਸਰਬਉੱਚ ਅਦਾਲਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ 2014 ਦੇ ਐਕਟ ਨੂੰ ਸਹੀ ਠਹਿਰਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਹ ਵੀ ਸਾਫ ਹੋਣਾ, ਪੰਜਾਬ ‘ਚ ਹਰ ਪਿੰਡ ‘ਚ ਚਾਰ ਤੋਂ ਪੰਜ ਗੁਰਦੁਆਰੇ ਜਿਨ੍ਹਾ ‘ਚ ਜ਼ਿਆਦਾ ਤਰ ਜਾਤੀ ਅਧਾਰਿਤ ਗੁਰੂ ਘਰ ਅੱਜ ਸਿੱਖਾਂ ਦੀ ਆਪਸੀ ਏਕਤਾ ਅਤੇ ਭਾਈਚਾਰਕਤਾ ਤੇ ਵੀ ਸਵਾਲੀਆਂ ਚਿਨ੍ਹ ਹਨ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਧੁਰੇ ਹੇਠਾਂ ਇਕੱਠੀ ਹੋਣ ਵਾਲੀ ਸਿੱਖ ਕੌਮ ਅੱਜ ਦੇਸ਼ ਦੀਆਂ ਅਦਾਲਤਾ ਤੇ ਰਾਜਸੀ ਧਿਰਾਂ ਦੇ ਦਾਖਲੇ ਨਾਲ ਆਪਸ ‘ਚ ਵੰਡੀਆਂ ਨਜ਼ਰ ਆ ਰਹੀਆਂ ਹਨ। ਵਿਦੇਸ਼ਾਂ ਵਿੱਚ ਵੀ ਜਿਸ ਤਰ੍ਹਾਂ ਗੁਰਦੁਆਰਿਆਂ ਦੀ ਪ੍ਰਧਾਨਗੀ ਨੂੰ ਲੈ ਕੇ ਖਾਨਾਜੰਗੀ ਦਾ ਮਾਹੌਲ਼ ਸਿਰਜਿਆ ਜਾ ਰਿਹਾ ਹੈ, ਉਹ ਵੀ ਕਿਸੇ ਤੋਂ ਘੱਟ ਨਹੀਂ ਪਰ ਇਨ੍ਹਾਂ ਗੁਰੂ ਘਰਾਂ ‘ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ, ਸੇਵਾਦਾਰਾਂ ਪ੍ਰਤੀ ਕਿਸੇ ਵੀ ਧਿਰ ਵੱਲੋਂ ਗੱਲ ਨਹੀਂ ਕੀਤੀ ਜਾਂਦੀ ਹੈ।
ਜਿਸ ਤਰ੍ਹਾਂ ਅੰਗਰੇਜ਼ਾਂ ਨੇ ਮਹੰਤਾਂ ਜ਼ਰੀਏ ਗੁਰਦੁਆਰਾ ਸਾਹਿਬਾਨ ‘ਚ ਘੁਸਪੈਠ ਕੀਤੀ, ਅੱਜ ਉਸੇ ਤਰ੍ਹਾਂ ਵੱਡੀਆਂ ਰਾਜਨੀਤਕ ਪਾਰਟੀਆਂ ਸਿੱਖਾਂ ਨੂੰ ਵੋਟ ਬੈਂਕ ਸਮਝਦਿਆਂ ਸਿੱਖ ਆਗੂਆਂ ਨੂੰ ਵੱਡੇ ਲਾਲਚ ਤੇ ਮਿੱਠੀ ਗੋਲੀ ‘ਚ ਜ਼ਹਿਰ ਮਿਲਾ ਕੇ ਆਪਣੇ ਰਾਜਸੀ ਸੁਆਰਥਾਂ ਲਈ ਵਰਤ ਰਹੀਆਂ ਹਨ। ਅੱਜ ਸਿੱਖ ਕੌਮ ਦੇ ਹਰਿਆਵਲ ਦਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨਖਿੜਵੇਂ ਅੰਗ ਕੱਟਵਾ ਕੇ ਕਈ ਆਪ ਮੁਹਾਰੇ ਬਣੇ ਸਿੱਖ ਆਗੂ ਸਰਕਾਰਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਪਰ ਇਸ ਦੇ ਸਿੱਟੇ ਭਵਿੱਖ ‘ਚ ਬਹੁਤ ਹੀ ਜ਼ਿਆਦਾ ਗੰਭੀਰ ਨਿਕਲਣਗੇ ਜੋ ਇਤਿਹਾਸ ‘ਚ ਲਿਖੇ ਜਾਣਗੇ ਤੇ ਆਉਣ ਵਾਲੀ ਪੀੜੀ ਇਨ੍ਹਾਂ ਗੱਲਾਂ ਦਾ ਜਵਾਬ ਵੀ ਜ਼ਰੂਰ ਮੰਗੇਗੀ।
ਅੱਜ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੇ ਮਹੱਤਵ ਨੂੰ ਸਮਝਦਿਆਂ ਉਨ੍ਹਾਂ ਮਰਜੀਵੜਿਆਂ ਦੀ ਸ਼ਹਾਦਤ ਦਾ ਅਸਲ ਮੰਤਵ ਸਮਝਣ ਦੀ ਨਾ ਕਿ ਅੱਜ ਵਾਂਗ ਗੁਰਦੁਆਰਿਆਂ ਦੀ ਪ੍ਰਧਾਨਗੀ ਪਿਛੇ ਕੌਮ ਨੂੰ ਦੋਫਾੜ ਕਰਨ ਦੀ।