ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਹੀਂ ਰਹੇ। ਅੱਜ ਸਵੇਰੇ 11 ਵਜੇ ਉਨ੍ਹਾਂ ਆਖਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਪਟਿਆਲਾ ਵਿੱਚ ਰਹਿ ਰਹੇ ਸਨ। ਕਾਂਗਰਸ ਦੀ ਟਿਕਟ 'ਤੇ ਖਰੜ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਪੰਜਾਬ ਦੇ ਡਿਪਟੀ ਸਪੀਕਰ ਰਹੇ ਤੇ ਇਲਾਕੇ ਦੀ ਤਰੱਕੀ ਲਈ ਕਾਫੀ ਸਖ਼ਤ ਮਿਹਨਤ ਕੀਤੀ।
ਸਿਆਸੀ ਸਖ਼ਸੀਅਤਾਂ ਨੇ ਪ੍ਰਗਟਾਇਆ ਟਵੀਟ ਕਰ ਕੇ ਦੁੱਖ
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦੇਹਾਂਤ ਦੀ ਖਬਰ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਸੀਐਮ ਮਾਨ ਨੇ ਟਵੀਟ ਕਰ ਕੇ ਲਿਖਿਆ- ਪੰਜਾਬ ਦੇ ਸੂਝਵਾਨ ਆਗੂ…ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਸ.ਬੀਰ ਦਵਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ…ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ…
ਵਾਹਿਗੁਰੂ ਵਾਹਿਗੁਰੂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੜਿੰਗ ਨੇ ਕਿਹਾ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪੰਜਾਬ ਬਾਰੇ ਆਪਣੀ ਡੂੰਘੀ ਜਾਣਕਾਰੀ, ਉਸਦੀ ਨਿਮਰਤਾ ਅਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਸੀ। ਮੈਂ ਦੁਖੀ ਪਰਿਵਾਰ ਦੇ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਇਸ ਦੌਰਾਨ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਟਵੀਟ ਕਰ ਕੇ ਲਿਖਿਆ, ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰ ਦੇਵਿੰਦਰ ਸਿੰਘ ਦਾ ਅਕਾਲ ਚਲਾਣਾ ਦੁੱਖਦਾਈ ਹੈ। ਉਹ ਵਿਦਵਾਨ ਸਿਆਸਤਦਾਨ ਵਜੋਂ ਜਾਣੇ ਜਾਂਦੇ ਰਹਿਣਗੇ। ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਕਰਤਾ ਪੁਰਖ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਦਿਆਂ ਕਿਹਾ, ਦੁੱਖਦਾਈ ਖਬਰ -: ਸਿੱਖ ਚਿੰਤਕ ਤੇ ਵਿਦਵਾਨ ਰਾਜਸੀ ਆਗੂ ਸ. ਬੀਰਦਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਅਕਾਲ ਪੁਰਖ ਉਨਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ਬਹੁਤ ਹੀ ਕਾਬਿਲ ਬੁਲਾਰੇ ਅਤੇ ਅਨੁਭਵੀ ਤੇ ਚਿੰਤਨਸ਼ੀਲ ਸਖਸ਼ੀਅਤ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬੇਹੱਦ ਅਫ਼ਸੋਸ ਹੋਇਆ। ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।