ਚੰਡੀਗੜ੍ਹ: ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਗਾਮੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹੋਣ ਵਾਲੀਆਂ ਸਿਆਸੀ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ਵਿਚ ਵੱਡੀਆਂ ਰੈਲੀਆਂ ਟਾਲ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀਆਂ ਰੈਲੀਆਂ ਨਹੀਂ ਹੋਣਗੀਆਂ।

ਦੱਸ ਦਈਏ ਕਿ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕਾਂਗਰਸ ਨੇ ਪਹਿਲਾਂ ਹੀ ਇਸ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਆਪਣੀਆਂ ਚਾਰ ਮੈਰਾਥਨ ਦੌੜਾਂ ਨੂੰ ਰੱਦ ਕਰ ਦਿੱਤਾ ਹੈ। ਇਹੀ ਨਹੀਂ ਪਾਰਟੀ ਨੇ ਅਗਾਮੀ ਯੂਪੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਕੀਤੀਆਂ ਜਾਣ ਵਾਲੀਆਂ ਵੱਡੀ ਰੈਲੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ।

ਪਾਰਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਇਹ ਫੈਸਲਾ ਲੈਣ ਮੌਕੇ ਕਰੋਨਾ ਦੀ ਲਾਗ ਦੇ ਖ਼ੌਫ਼ ਤੋਂ ਇਲਾਵਾ ਬਰੇਲੀ ਵਿੱਚ ਮੈਰਾਥਨ ਦੌਰਾਨ ਭਗਦੜ ਵਾਲੇ ਬਣੇ ਹਾਲਾਤ ਨੂੰ ਵੀ ਵਿਚਾਰਿਆ ਗਿਆ। ਪਾਰਟੀ ਵੱਲੋਂ ਚੋਣ ਪ੍ਰਚਾਰ ਵਜੋਂ ਵਿਉਂਤੀ ਮੈਰਾਥਨ ਦੌਰਾਨ ਤਿੰਨ ਕੁੜੀਆਂ ਜ਼ਖ਼ਮੀ ਹੋ ਗਈਆਂ ਸਨ। ਲਿਹਾਜ਼ਾ ਆਜ਼ਮਗੜ੍ਹ, ਵਾਰਾਨਸੀ, ਗਾਜ਼ੀਆਬਾਦ ਤੇ ਅਲੀਗੜ੍ਹ ਵਿੱਚ ਤਜਵੀਜ਼ਤ ਕੁੜੀਆਂ ਦੀ ਮੈਰਾਥਨ ਦੌੜ ਰੱਦ ਕਰ ਦਿੱਤੀ ਗਈ ਹੈ।

ਪਾਰਟੀ ਤਰਜਮਾਨ ਅਸ਼ੋਕ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਾਰਟੀ ਨੇ ਅਗਾਮੀ ਚੋਣਾਂ ਲਈ ਲੋਕਾਂ ਨਾਲ ਰਾਬਤਾ ਬਣਾਉਣ ਵਾਸਤੇ ਵੱਡੀਆਂ ਰੈਲੀਆਂ ਦੀ ਥਾਂ ‘ਨੁੱਕੜ ਨਾਟਕ’ ਰਾਹੀਂ ਛੋਟੇ ਇਕੱਠ ਕਰਨ ਤੇ ਘਰ ਘਰ ਜਾ ਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ। 


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 



 


https://play.google.com/store/



 


https://apps.apple.com/in/app/811114904