Farmers Protest : ਸੰਗਰੂਰ ਵਿੱਚ ਸੋਮਵਾਰ ਨੂੰ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਹਫੜਾ-ਦਫੜੀ ਦੌਰਾਨ ਇਕ ਕਿਸਾਨ ਦੀ ਟਰੈਕਟਰ ਹੇਠ ਆ ਕੇ ਮੌਤ ਹੋ ਗਈ। ਕਿਸਾਨ ਦੀ ਮੌਤ ਤੋਂ ਬਾਅਦ ਹੁਣ ਸੂਬੇ 'ਚ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਿੱਚ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਚੁੱਕੀ ਹੈ। ਲੌਂਗੋਵਾਲ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਅਤੇ ਕਿਸਾਨ ਦੀ ਮੌਤ ਲਈ ਮੈਂ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ। ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

'ਬਾਜਵਾ ਨੇ ਹਾਈ ਕੋਰਟ ਦੇ ਜੱਜ ਨੂੰ ਕੀਤੀ ਬੇਨਤੀ '



ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਬੇਰਹਿਮੀ ਨਾਲ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਨਿੰਦਾ ਕਰਦੇ ਹਾਂ। ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਹੈ ਕਿ ਉਹ ਇਸ ਦਾ ਖੁਦ ਨੋਟਿਸ ਲੈਂਦਿਆਂ ਭਗਵੰਤ ਮਾਨ ਅਤੇ ਹੋਰਨਾਂ ਵਿਰੁੱਧ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਵੇ। ਪੁਲਿਸ ਅਫਸਰਾਂ ਨੂੰ ਸਹਿ-ਸਾਜ਼ਿਸ਼ਕਰਤਾ ਬਣਾਇਆ ਜਾਵੇ - ਉਨ੍ਹਾਂ ਖਿਲਾਫ ਵੀ ਐਫਆਈਆਰ ਦਰਜ ਕੀਤੀ ਜਾਵੇ।
 

'ਕਿਸਾਨਾਂ ਨੂੰ ਮੰਗਾਂ ਰੱਖਣ ਤੋਂ ਨਹੀਂ ਰੋਕ ਸਕਦੀ ਸਰਕਾਰ'

 

ਬਾਜਵਾ ਨੇ ਕਿਹਾ ਕਿ ਅੱਜ ਮੈਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲ ਲਾਜਪਾਰਾਏ ਨੂੰ ਅੰਗਰੇਜ਼ ਰਾਜ ਨੇ ਤਸੀਹੇ ਦਿੱਤੇ ਸਨ, ਜਦੋਂ ਲਾਲ ਲਾਜਪਾਰਾਏ ਦੀ ਲਾਠੀਚਾਰਜ ਦੌਰਾਨ ਮੌਤ ਹੋ ਗਈ ਸੀ, ਉਹ ਭਾਰਤੀ ਇਤਿਹਾਸ ਦਾ ਟਰਨਿੰਗ ਪੁਆਇੰਟ ਸੀ, ਇਹ ਪੰਜਾਬ ਦੇ ਇਤਿਹਾਸ ਦਾ ਟਰਨਿੰਗ ਪੁਆਇੰਟ ਹੈ।' ਜਿਸ ਗੱਲ ਦਾ ਵਿਰੋਧ ਕੁਝ ਦਿਨ ਪਹਿਲਾਂ ਭਾਜਪਾ ਕਰ ਰਹੀ ਸੀ, ਉਹੀ ਕੰਮ ਭਗਵੰਤ ਮਾਨ ਦੀ 'ਆਪ' ਸਰਕਾਰ ਨੇ ਕੀਤਾ ਹੈ।

 

ਕਿਸਾਨਾਂ ਨੂੰ ਮੰਗਾਂ ਰੱਖਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਕਿਸਾਨ ਯੂਨੀਅਨ ਜਿੱਥੇ ਵੀ ਕਹੇਗੀ ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ। ਦੱਸ ਦਈਏ ਕਿ ਹੜ੍ਹ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਸਬੰਧੀ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਦਾਖਲ ਹੋਣ ਤੋਂ ਰੋਕਣ ਲਈ ਥਾਂ-ਥਾਂ ਪੁਲਿਸ ਅਤੇ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ।