ਲਹਿਰਾਗਾਗਾ : ਸ੍ਰੀ ਮਸਤੂਆਣਾ ਸਾਹਿਬ ਵਿਖੇ ਬਣਨ ਜਾ ਰਹੇ ਮੈਡੀਕਲ ਕਾਲਜ ਦੀ ਜ਼ਮੀਨ ਉੱਤੇ ਸਟੇਅ ਹੋਣ ਕਾਰਨ ਕਾਲਜ ਬਣਨ ਦੀਆਂ ਸੰਭਾਵਨਾਵਾਂ ਬਹੁਤ ਘਟ ਗਈਆਂ ਹਨ। ਇਹ ਵਿਚਾਰ ਯੂਥ ਕਾਂਗਰਸ ਦੇ ਸੀਨੀਅਰ ਆਗੂ ਦੁਰਲੱਭ ਸਿੱਧੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ , "ਜਿੱਥੇ ਇਹ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann) ਦੀ ਸਰਕਾਰ ਨੇ ਕੀਤਾ ਹੈ। ਉੱਥੇ ਸਥਿਤ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਟਰੱਸਟ ਦੀ ਲੜਾਈ ਵਿੱਚ ਹੈ। ਇਸ ਲਈ ਜਿਸ ਜ਼ਮੀਨ ਤੇ ਹਾਈ ਕੋਰਟ ਵੱਲੋਂ ਸਟੇਅ ਹੋ ਚੁੱਕੀ ਹੈ।ਜੋ ਲੰਬਾ ਸਮਾਂ ਚੱਲ ਸਕਦੀ ਹੈ।"


ਸਿੱਧੂ ਨੇ ਕਿਹਾ ਕਿ ਲਹਿਰਾਗਾਗਾ ਸਥਿਤ ਬਾਬਾ ਹੀਰਾ ਸਿੰਘ ਭੱਠਲ ਕਾਲਜ ਤਿੰਨ ਸਾਲ ਤੋਂ ਬੰਦ ਪਿਆ ਹੈ। ਸਟਾਫ਼ ਨੂੰ ਵੀ ਤਨਖਾਹਾਂ ਨਹੀਂ ਮਿਲੀਆਂ।ਜਿਸ ਦੇ ਚੱਲਦਿਆਂ ਇੱਕ ਮੁਲਾਜ਼ਮ ਨੇ ਖੁਦਕਸ਼ੀ ਕਰ ਲਈ ਅਤੇ ਬਾਕੀਆਂ ਦੇ ਘਰ ਰੋਟੀ ਵੀ ਨਹੀਂ ਬਣ ਰਹੀ। ਇਹ ਕਾਲਜ 20  ਏਕੜ ਦੇ ਲਗਪਗ ਜ਼ਮੀਨ ਵਿਚ ਬਣਿਆ ਹੈ ਅਤੇ ਇਸਦੇ ਪਿੱਛੇ ਛੇ- ਸੱਤ ਏਕੜ ਜ਼ਮੀਨ ਗਊਸ਼ਾਲਾ ਕੋਲ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਿਆਂ ਕਿਹਾ, ਕਿ ਇਸ 26-27 ਏਕੜ ਵਿੱਚ ਕਾਲਜ ਦੀ ਥਾਂ ਮੈਡੀਕਲ ਕਾਲਜ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇੱਥੇ ਹੋਸਟਲ ਆਦਿ ਦੀਆਂ ਸਾਰੀਆਂ ਸਹੂਲਤਾਂ ਵੀ ਹਨ ਅਤੇ ਇਸ ਪਛੜੇ ਇਲਾਕੇ ਨੂੰ ਕਾਲਜ ਦੀ ਵੀ ਅਤੀ ਜ਼ਰੂਰਤ ਹੈ।ਇਹ ਹਲਕਾ ਜਿਥੋਂ ਤੁਸੀਂ ਲੋਕ ਸਭਾ ਚੋਣ ਲੜ ਕੇ ਜਿੱਤੇ ਹੋ ਇਹ ਪਛੜਿਆ ਇਲਾਕਾ ਹੈ ਅਤੇ ਹਰਿਆਣੇ ਦੇ ਬਾਰਡਰ ਤੇ ਲੱਗਦਾ ਹੈ। ਇੱਥੇ ਕਾਲਜ ਖੁੱਲ੍ਹਣ ਨਾਲ ਜਾਖ਼ਲ, ਮਾਨਸਾ, ਬਰੇਟਾ, ਬੁਢਲਾਡਾ, ਖਨੌਰੀ ਆਦਿ ਦੇ ਬੇਰੁਜ਼ਗਾਰਾਂ ਸਮੇਤ ਹਲਕੇ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਦੀਆਂ ਹਨ। ਸਿੱਧੂ ਨੇ ਕਿਹਾ ਕਿ ਮੈਡੀਕਲ ਕਾਲਜ ਲਈ ਇਕ ਚੰਗੇ ਹਸਪਤਾਲ ਦੀ ਜਰੂਰਤ ਹੁੰਦੀ ਹੈ ਅਤੇ ਹਸਪਤਾਲ ਵੱਡਾ ਕਰਨ ਲਈ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਜੋ ਲਹਿਰਾਗਾਗਾ ਸਥਿਤ ਹਸਪਤਾਲ ਕੋਲ ਉਪਲੱਬਧ ਹੈ।




ਇਸ ਲਈ ਜੇਕਰ ਸਰਕਾਰ ਉਪਰਾਲਾ ਕਰੇ ਇਹ ਹਸਪਤਾਲ ਵੀ ਵੱਡਾ ਬਣ ਸਕਦਾ ਹੈ ਅਤੇ ਭੱਠਲ ਕਾਲਜ ਦੀ ਥਾਂ ਮੈਡੀਕਲ ਕਾਲਜ ਵੀ ਖੁੱਲ੍ਹ ਸਕਦਾ ਹੈ। ਇਹ ਮੈਡੀਕਲ ਕਾਲਜ ਬਣਨ ਨਾਲ ਜਿਥੇ ਹਲਕੇ ਦੇ ਬੇਰੁਜ਼ਗਾਰ ਬੱਚੇ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਪਹੁੰਚਣਗੇ, ਉੱਥੇ ਹੀ ਹਲਕੇ ਤੋਂ ਪਛੜੇਪਣ ਦਾ ਧੱਬਾ ਵੀ ਉਤਰ ਸਕੇਗਾ।ਉਨ੍ਹਾਂ ਅਖੀਰ ਵਿੱਚ ਕਿਹਾ, ਕਿ ਇਹ ਕੈਂਸਰ ਬੈਲਟ ਵੀ ਹੈ,ਇਸ ਲਈ ਇੱਥੇ ਮੈਡੀਕਲ ਕਾਲਜ ਦੀ ਅਤੀ ਜ਼ਰੂਰਤ ਹੈ।ਇਸ ਲਈ ਇੱਥੇ ਮੈਡੀਕਲ ਕਾਲਜ ਖੋਲ੍ਹ ਕੇ ਅਤੇ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਇੱਥੇ ਵੱਡੀ ਗਿਣਤੀ ਵਿੱਚ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।