ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਦੇ ਘਟੀਆਂ ਅਤੇ ਨਿੱਜੀ ਸਵਾਰਥ ਖ਼ਾਤਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੇਇਜ਼ੱਤ ਕਰਨ ਵਾਲੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਧਮਕੀਆਂ ਦੇਣੀਆਂ ਜ਼ਾਰੀ ਹਨ ਜੇਕਰ ਅਧਿਕਾਰੀ ਉਨ੍ਹਾਂ ਦੀ ਲਾਈਨ ‘ਤੇ ਚੱਲਣ ਤੋਂ ਇਨਕਾਰ ਕਰਦੇ ਹਨ ਤਾਂ ਨਤੀਜ਼ੇ ਭੁਗਤਣ ਦੀਆਂ ਧਮਕੀਆਂ ਦਿੰਦੇ ਹਨ ।
ਬਾਜਵਾ ਨੇ ਕਿਹਾ ਕਿ ਤਰਨਤਾਰਨ ਤੋਂ ‘ਆਪ’ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਰਣਜੀਤ ਸਿੰਘ ਸੋਹਲ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਨਜ਼ਦੀਕੀ ਸਾਥੀ ਹਰਪ੍ਰੀਤ ਸਿੰਘ ਅਤੇ 13 ਹੋਰਾਂ ਖ਼ਿਲਾਫ਼ ਗੈਰ-ਕਾਨੂੰਨੀ ਤੌਰ ‘ਤੇ ਯੂਕੇਲਿਪਟਸ ਦੇ ਦਰੱਖ਼ਤ ਕੱਟਣ ਦੇ ਮਾਮਲੇ ‘ਚ ਦਰਜ਼ ਕੀਤਾ ਗਿਆ ਮਾਮਲਾ ਰੱਦ ਕਰਨ ‘ਚ ਅਸਫ਼ਲ ਰਹਿੰਦੇ ਹਨ ਤਾਂ ਐਸਐਸਪੀ ਖ਼ਿਲਾਫ਼ ਉਹ ਸਖਤ ਕਾਰਵਾਈ ਕਰਨਗੇ੍ਰ। ਰਾਜ਼ ਦੇ ਜੰਗਲਾਤ ਵਿਭਾਗ ਤੋਂ ਇਜ਼ਾਜ਼ਤ ਲਏ ਬਿਨਾਂ ਦਰੱਖ਼ਤਾਂ ਦੀ ਕਟਾਈ ਕਰਨ ਵਾਲਿਆਂ ਖ਼ਿਲਾਫ ਤਰਨਤਾਰਨ ਪੁਲਿਸ ਵੱਲੋੰ ਕੀਤੀ ਗਈ ਕਾਰਵਾਈ ਤੋਂ ਵਿਧਾਇਕ ਨਾਰਾਜ਼ ਹੈ।
ਬਾਜਵਾ ਨੇ ਕਿਹਾ “ਇਹ ਸੱਚਮੁੱਚ ਚਿੰਤਾਜਨਕ ਰੁਝਾਨ ਹੈ ਕਿ ਕਿਸ ਤਰ੍ਹਾਂ ‘ਆਪ’ ਦੇ ਵਿਧਾਇਕ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਦਾ ਸਾਹਮਣਾ ਕਰ ਰਹੇ ਹਨ, ਪ੍ਰਸ਼ਾਸਕੀ ਅਧਿਕਾਰੀਆਂ ਨਾਲ਼ ਦੁਰਵਿਵਹਾਰ ਕਰ ਰਹੇ ਹਨ। ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਸਜ਼ਾ-ਏ-ਮੌਤ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਣਖੀ ਵਿਧਾਇਕਾਂ ਨੂੰ ਕਾਬੂ ਕਰਨ ਲਈ ਇਸ ‘ਤੇ ਇੱਕ ਸ਼ਬਦ ਵੀ ਨਹੀਂ ਬੋਲਦੇ”।
ਬਾਜਵਾ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤਰਨਤਾਰਨ ਦੇ ਵਿਧਾਇਕ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਐਸਐਸਪੀ ਨੇ ਵਿਧਾਇਕ ਦੇ ਸਾਥੀ ਖ਼ਿਲਾਫ਼ ਦਰਜ਼ ਕੀਤਾ ਕੇਸ ਵਾਪਸ ਨਾ ਲਿਆ ਤਾਂ ਉਹ ਐਸਐਸਪੀ ਨੂੰ ਕਿਸੇ ਮਾਮੂਲੀ ਅਹੁਦੇ ‘ਤੇ ਤਬਦੀਲ ਕਰਨਾ ਯਕੀਨੀ ਬਣਾਉਣਗੇ ।
ਇੱਕ ਪਾਸੇ ਪੰਜਾਬ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈ ਰਹੀ ਹੈ ਜੋ ਸੂਬੇ ਵਿੱਚ ਬਿਹਤਰ ਹਰਿਆਵਲ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਚਾਹੁੰਦੇ ਹਨ ਜਦਕਿ ਦੂਜੇ ਪਾਸੇ ਵਿਧਾਇਕ ਉਨ੍ਹਾਂ ਅਨਸਰਾਂ ਦੀ ਹਮਾਇਤ ਕਰ ਰਹੇ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਰੁੱਖਾਂ ਦੀ ਕਟਾਈ ਕਰ ਰਹੇ ਹਨ।
ਬਾਜਵਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਡੀਸੀਪੀ ਨਰੇਸ਼ ਡੋਗਰਾ ਨੂੰ ‘ਆਪ’ ਵਿਧਾਇਕ ਰਮਨ ਅਰੋੜਾ ਨੇ ਕੁੱਟਿਆ ਸੀ ਅਤੇ ਉਸੇ ਦਿਨ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਜਲੰਧਰ ਦੇ ਸਿਵਲ ਹਸਪਤਾਲ ‘ਚ ਐਮਰਜੈਂਸੀ ਮੈਡੀਕਲ ਅਫ਼ਸਰ (ਈਐਮਓ) ਹਰਵੀਨ ਕੌਰ ਨਾਲ ਦੁਰਵਿਵਹਾਰ ਕੀਤਾ ਸੀ।
ਸਿਤਮ ਤਾਂ ਇਹ ਹੈ ਕਿ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਪੁਲਿਸ ਨੇ ਗਲਤੀ ਕਰਨ ਵਾਲੇ ‘ਆਪ’ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ। ਅਸਲ ‘ਚ ਜਲੰਧਰ ਪੁਲਿਸ ‘ਆਪ’ ਵਿਧਾਇਕਾਂ ਨੂੰ ਬਚਾਉਣ ਲਈ ਹਰਕਤ ‘ਚ ਆ ਗਈ । ਇਸੇ ਤਰ੍ਹਾਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਡਿਪਟੀ ਕਮਿਸ਼ਨਰ ਰੂਹੀ ਦੁੱਗ ਨਾਲ ਬਦਸਲੂਕੀ ਕੀਤੀ ਪਰ ਭਗਵੰਤ ਮਾਨ ਨੇ ਆਈਏਐਸ ਅਧਿਕਾਰੀ ਦੇ ਬਚਾਅ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ।
ਇਹ ਅਸਲ ਵਿੱਚ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਹੋਰ ਕੈਬਨਿਟ ਮੰਤਰੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਪੰਜਾਬ ਦੇ ਅਧਿਕਾਰੀਆਂ ਨੂੰ ‘ਆਪ’ ਵਿਧਾਇਕਾਂ ਦੇ ਤੌਹੀਨ ਭਰੇ ਵਤੀਰੇ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ ਹੀ ਉਨ੍ਹਾਂ ਦੀ ਦੁਰਦਸ਼ਾ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਰਹੇ ਹਨ।