ਚੰਡੀਗੜ੍ਹ: ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਟੀਵੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਸੋਮਵਾਰ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਰਬਿੰਦਰ ਨਾਰਾਇਣ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।


ਯਾਦ ਰਹੇ ਪੀਟੀਸੀ ਚੈਨਲ ਦੇ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਮੁਟਿਆਰ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਕੇ ਰੱਖਣ ਤੇ ਜਿਨਸੀ ਸੋਸ਼ਣ ਕਰਨ ਦੇ ਕੇਸ ਸਬੰਧੀ ਰਬਿੰਦਰ ਨਾਰਾਇਣ ਨੂੰ ਮੁਹਾਲੀ ਪੁਲਿਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਰਬਿੰਦਰ ਨਾਰਾਇਣ ਨੂੰ ਝੂਠੇ ਕੇਸ ਵਿੱਚ ਫਸਾ ਕੇ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕੀਤਾ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ।

ਅਹਿਮ ਗੱਲ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਨੈਨਸੀ ਘੁੰਮਣ ਤੇ ਉਸ ਦੇ ਪਤੀ ਭੁਪਿੰਦਰ ਸਿੰਘ, ਮਿਸ ਪੰਜਾਬਣ ਮੁਕਾਬਲਾ 2022-23 ਦੀ ਸਹਾਇਕ ਡਾਇਰੈਕਟਰ ਨਿਹਾਰਿਕਾ ਜੈਨ, ਹੋਟਲ ਦੇ ਮੈਨੇਜਿੰਗ ਡਾਇਰੈਕਟਰ ਲਕਸ਼ਮਣ ਤੇ ਦੋ ਦਰਜਨ ਤੋਂ ਵੱਧ ਹੋਰ ਅਣਪਛਾਤੇ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਇਨ੍ਹਾਂ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇਣ ਲਈ ਮੁਹਾਲੀ ਪੁਲਿਸ ਨੇ ਅਦਾਲਤ ਵਿੱਚ ਵੱਖ-ਵੱਖ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।

ਹਾਸਲ ਜਾਣਕਾਰੀ ਅਨੁਸਾਰ ਇਸ ਬਹੁ-ਚਰਚਿਤ ਮਾਮਲੇ ਦੀ ਜਾਂਚ ਦੌਰਾਨ ਪੀੜਤ ਲੜਕੀ ਦਾ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਦਰਜ ਕੀਤਾ ਗਿਆ ਹੈ ਤੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਮੁਟਿਆਰ ਦੇ ਪਿਤਾ ਨੇ ਉਸ ਦੀ ਧੀ ਉੱਤੇ ਕਥਿਤ ਗੈਰ ਕਾਨੂੰਨੀ ਕੰਮ ਕਰਨ ਲਈ ਦਬਾਅ ਪਾਉਣ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਸਮੇਤ ਉਸ ਦੀ ਲੜਕੀ ਦੀ ਰਿਹਾਈ ਲਈ 50 ਲੱਖ ਰੁਪਏ ਮੰਗਣ ਦਾ ਕਥਿਤ ਦੋਸ਼ ਲਾਇਆ ਸੀ।