ਚੰਡੀਗੜ੍ਹ: ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ ਵੱਲੋਂ ਅੱਜ ਨਵੀਂਆਂ ਬਿਜਲੀ ਦਰਾਂ ਦਾ ਐਲਾਨ ਕਰਨ ਜਾ ਰਹੀ ਹੈ ਤੇ ਇਨ੍ਹਾਂ ’ਚ ਆਮ ਆਦਮੀ ਨੂੰ ਕੁਝ ਰਾਹਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਆਮ ਖਪਤਕਾਰਾਂ ਨੂੰ ਬਿਜਲੀ ਦਰਾਂ ’ਚ 20 ਤੋਂ 25 ਫ਼ੀਸਦੀ ਰਾਹਤ ਮਿਲ ਸਕਦੀ ਹੈ। ਉਦਯੋਗਿਕ ਤੇ ਵਪਾਰਕ ਵਰਤੋਂਕਾਰਾਂ ਲਈ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਨਵੀਂਆਂ ਦਰਾਂ ਬੀਤੀ 1 ਅਪ੍ਰੈਲ ਤੋਂ ਸੂਬੇ ’ਚ ਲਾਗੂ ਹੋ ਜਾਣਗੀਆਂ।


ਕਮਿਸ਼ਨ ਦੇ ਨਵੇਂ ਚੇਅਰਮੈਨ ਵਿਸ਼ਵਜੀਤ ਖੰਨਾ ਦੀ ਅਗਵਾਈ ਹੇਠ ਰਸਮੀ ਤੌਰ ਉੱਤੇ ਆਖ਼ਰੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਬਿਜਲੀ ਦਰਾਂ ਦਾ ਐਲਾਨ ਕੀਤਾ ਜਾਵੇਗਾ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 4.49 ਰੁਪਏ ਤੋਂ ਲੈ ਕੇ 7.30 ਰੁਪਏ ਪ੍ਰਤੀ ਯੂਨਿਟ ਹਨ। ਉਦਯੋਗਿਕ ਖਪਤਕਾਰਾਂ ਲਈ ਇਹ ਦਰਾਂ 5.98 ਰੁਪਏ ਤੋਂ ਲੈ ਕੇ 6.41 ਰੁਪਏ ਪ੍ਰਤੀ ਯੂਨਿਟ ਹਨ ਤੇ ਵਪਾਰਕ ਖਪਤਕਾਰਾਂ ਲਈ 6 ਰੁਪਏ ਤੋਂ 7.29 ਰੁਪਏ ਪ੍ਰਤੀ ਯੂਨਿਟ ਹਨ।


ਪਿਛਲੇ ਸਾਲ ਮਹਾਮਾਰੀ ਕਾਰਨ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ (PSERC) ਨੇ 300 ਯੂਨਿਟਾਂ ਤੱਕ ਬਿਜਲੀ ਖ਼ਰਚ ਕਰਨ ਵਾਲੇ ਘਰੇਲੂ ਖਪਤਕਾਰਾਂ ਲਈ ਦਰਾਂ 25 ਤੋਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਸਨ। ਣੋਟੇ ਦੁਕਾਨਦਾਰਾਂ ਤੇ ਉਦਯੋਗਾਂ ਲਈ ਤਦ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।


ਉਂਝ, ਇਸ ਵਰ੍ਹੇ ‘ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ’ (PSPCL) ਨੇ ਪਹਿਲਾਂ ਆਪਣੀ ਸਾਲਾਨਾ ਆਮਦਨ ਆਵਸ਼ਕਤਾ ਅਨੁਸਾਰ ਬਿਜਲੀ ਦਰਾਂ ਵਿੱਚ 8 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਸੀ; ਜੋ ਦਸੰਬਰ 2020 ’ਚ ਬਿਜਲੀ ਰੈਗੂਲੇਟਰ ਨੂੰ ਭੇਜਿਆ ਗਿਆ ਸੀ ਪਰ ਹੁਣ ਚੋਣ ਵਰ੍ਹੇ ਕਾਰਣ ਬਿਜਲੀ ਦਰਾਂ ਵਿੱਚ ਕਮੀ ਕੀਤੀ ਜਾ ਰਹੀ ਹੈ।


ਆਮ ਖਪਤਕਾਰ ਵੀ ਬਿਜਲੀ ਦਰਾਂ ਘੱਟ ਹੋਣ ਦੀ ਆਸ ਰੱਖ ਰਹੇ ਹਨ। ਕੋਰੋਨਾ ਵਾਇਰਸ ਨੂੰ ਰੋਕਣ ਲਈ ਹਾਲੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਤੇ ਆਮ ਵਿਅਕਤੀ ਦੀ ਆਮਦਨ ਘਟੀ ਹੈ। ਇਸ ਲਈ ਬਿਜਲੀ ਦਰਾਂ ਵਿੱਚ ਕਮੀ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।