ਚੰਡੀਗੜ੍ਹ: ਰਿਲੀਜ਼ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਦੀ ਸਕਰੀਨਿੰਗ ਲਈ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਗਈ। ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਪ੍ਰਧਾਨਗੀ ਵਾਲੀ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਦਰਖਾਸਤਕਰਤਾ ਅਨੁਮਿਤ ਸਿੰਘ ਦੀ ਤਰਫੋਂ ਵਕੀਲ ਕਾਨਨ ਮਲਿਕ ਪੇਸ਼ ਹੋਏ।
ਮਲਿਕ ਦੀ ਬੇਨਤੀ ਨੂੰ ਸੁਣਨ ਤੋਂ ਬਾਅਦ, ਬੈਂਚ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਪਟੀਸ਼ਨ ਬੁੱਧਵਾਰ ਨੂੰ ਸੁਣਵਾਈ ਲਈ ਆਵੇਗੀ। ਫ਼ਿਲਮ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਤ ਹੈ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਨੇ ਲਿਖੀ ਹੈ। ਫ਼ਿਲਮ 'ਚ ਅਭਿਨੇਤਾ ਅਨੁਪਮ ਖੇਰ ਨੇ ਮਨਮੋਹਨ ਸਿੰਘ ਤੇ ਅਕਸ਼ੇ ਖੰਨਾ ਨੇ ਬਾਰੂ ਦੀ ਭੂਮਿਕਾ ਨਿਭਾਈ ਹੈ।
ਪਟੀਸ਼ਨਰ ਨੇ ਯੂਨੀਅਨ ਆਫ ਇੰਡੀਆ ਤੇ ਹੋਰਾਂ ਖਿਲਾਫ ਪਟੀਸ਼ਨ ਦਾਇਰ ਕਰ "ਸਰਟੀਫਿਕੇਸ਼ਨ" ਨਾ ਦੇਣ ਤੇ ਇਸ ਦੀ ਸਕ੍ਰੀਨਿੰਗ' ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਮਲਿਕ ਨੇ ਇਹ ਵੀ ਕਿਹਾ ਹੈ ਕਿ ਇਸ ਫ਼ਿਲਮ ਦਾ ਮਕਸਦ ਸਾਬਕਾ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਖ਼ਰਾਬ ਕਰਨਾ ਹੈ। ਅਜਿਹਾ ਚੋਣਾਂ ਦੇ ਸੀਜ਼ਨ ਆਉਣ ਕਰਕੇ ਕੀਤਾ ਗਿਆ ਹੈ।