Farmer Protest: ਕਿਸਾਨਾਂ ਵੱਲੋਂ 30 ਦਸੰਬਰ ਨੂੰ ਕੀਤੇ ਗਏ ‘ਪੰਜਾਬ ਬੰਦ’ ਨੇ ਅੰਦੋਲਨ ਨੂੰ ਹੋਰ ਮਜਬੂਤ ਕਰ ਦਿੱਤਾ ਹੈ। ਪੰਜਾਬ ਬੰਦ’ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਵਰਗਾਂ ਨੇ ਵੀ ਖੁੱਲ੍ਹ ਕੇ ਹਮਾਇਤ ਦਿੱਤੀ। ਇਸ ਮਗਰੋਂ ਕੇਂਦਰ ਸਰਕਾਰ ਹੋਰ ਚੌਕਸ ਹੋ ਗਈ ਹੈ। ਦੂਜੇ ਪਾਸੇ ਅੰਦੋਲਨ ਤੋਂ ਬਾਹਰ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਕੁੱਦਣ ਲਈ ਮਜਬੂਰ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੱਡਾ ਐਲਾਨ ਕੀਤਾ ਹੈ। 

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਹੈ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ, ਸੰਯੁਕਤ ਕਿਸਾਨ ਮੋਰਚੇ (ਐਸਕੇਐਮ) ਵੱਲੋਂ ਹਰਿਆਣਾ ਦੇ ਟੋਹਾਣਾ ਵਿੱਚ 4 ਜਨਵਰੀ ਤੇ ਮੋਗਾ ਵਿੱਚ 9 ਜਨਵਰੀ ਕੀਤੀਆਂ ਜਾਣ ਵਾਲੀਆਂ ਮਹਾਪੰਚਾਇਤਾਂ ਦਾ ਪੂਰਨ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਕੇਯੂ ਏਕਤਾ (ਉਗਰਾਹਾਂ) ਨੇ ਮਹਾਪੰਚਾਇਤਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ ਕੀਤਾ ਹੈ।


ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾ ਤੇ ਜਨਕ ਸਿੰਘ ਭੁਟਾਲ ਤੇ ਮੀਡੀਆ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜਿਨ੍ਹਾਂ ਕਿਸਾਨੀ ਮੰਗਾਂ ਲਈ ਐਸਕੇਐਮ ਵੱਲੋਂ ਹਰਿਆਣਾ ਦੇ ਟੋਹਾਣਾ ਵਿੱਚ 4 ਜਨਵਰੀ ਤੇ ਮੋਗਾ ਵਿੱਚ 9 ਜਨਵਰੀ ਨੂੰ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਦਾ ਜਥੇਬੰਦੀ ਪੂਰਨ ਸਮਰਥਨ ਕਰਦੀ ਹੈ। ਇਸ ਲਈ ਇਨ੍ਹਾਂ ਮਹਾਪੰਚਾਇਤਾਂ ਵਿੱਚ ਉਨ੍ਹਾਂ ਦੀ ਜਥੇਬੰਦੀ ਨੇ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ ਕੀਤਾ ਹੈ। 


ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕਿਸਾਨਾਂ, ਖੇਤ/ਪੇਂਡੂ ਮਜ਼ਦੂਰਾਂ ਤੇ ਦੇਸ਼ ਵਿਰੋਧੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਵਾਉਣ ਆਦਿ ਮੰਗਾਂ ਸਣੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ਼ ਫੌਰੀ ਗੱਲਬਾਤ ਲਈ ਸੰਘਰਸ਼ੀ ਪ੍ਰੋਗਰਾਮ ਤੇ ਲਾਮਬੰਦੀ ਜਾਰੀ ਹੈ। ਆਗੂਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਹਿੱਤ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾ ਦੀ ਆਲੋਚਨਾ ਵੀ ਕੀਤੀ।



ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫ਼ਸਲਾਂ ਦੀ ਐਮਐਸਪੀ ’ਤੇ ਕਾਨੂੰਨੀ ਗਾਰੰਟੀ ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਹੋਰ ਮੰਗਾਂ ਦੇ ਹੱਕ ’ਚ 30 ਦਸੰਬਰ ਨੂੰ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਨੇ ਸਵੇਰੇ 7 ਵਜੇ ਹੀ ਸੂਬੇ ਵਿੱਚ 250 ਦੇ ਕਰੀਬ ਤੋਂ ਵੱਧ ਥਾਵਾਂ ’ਤੇ ਡੇਰੇ ਲਾ ਕੇ ਸੜਕਾਂ ਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ, ਜੋ 9 ਘੰਟੇ ਬਾਅਦ ਸ਼ਾਮ 4 ਵਜੇ ਤੋਂ ਬਾਅਦ ਹੀ ਬਹਾਲ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਸਾਰੇ ਬਾਜ਼ਾਰ, ਮੰਡੀਆਂ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਬੰਦ ਰਹੇ ਹਨ। 


ਕਿਸਾਨ ਆਗੂਆਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ, ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ‘ਪੰਜਾਬ ਬੰਦ’ ਵਿੱਚ ਸੂਬੇ ਦੇ ਵੱਡੀ ਗਿਣਤੀ ਵਪਾਰੀ, ਧਾਰਮਿਕ ਸੰਸਥਾਵਾਂ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਤੇ ਹੋਰਨਾਂ ਜਥੇਬੰਦੀਆਂ ਸ਼ਾਮਲ ਸਨ, ਜਿਨ੍ਹਾਂ ਬੰਦ ਲਈ ਭਰਵਾਂ ਸਹਿਯੋਗ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ, ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।