Punjab News: ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-3 ਵਿਖੇ ‘ਪੰਜਾਬ ਸਹਾਇਤਾ ਕੇਂਦਰ ’ ਦੇ ਨਾਮ ਹੇਠ ਆਹਲਾ ਦਰਜੇ ਦਾ ਐਨ.ਆਰ.ਆਈ. ਸੁਵਿਧਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ।
ਇਸ ਸਹਾਇਤਾ ਕੇਂਦਰ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਲਈ ਅੱਜ ਇਕ ਇਤਿਹਾਸਕ ਦਿਨ ਹੈ ਕਿਉਂਕਿ ਪੰਜਾਬ ਅਜਿਹਾ ਉਪਰਾਲਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਤੋਂ ਸੂਬਾ ਸਰਕਾਰ ਦੀ ਐਨ.ਆਰ.ਆਈ. ਭਾਈਚਾਰੇ ਦੀ ਮਦਦ ਅਤੇ ਸਹਿਯੋਗ ਕਰਨ ਲਈ ਦ੍ਰਿੜ ਪ੍ਰਤੀਬੱਧਤਾ ਦਾ ਪ੍ਰਗਟਾਵਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਕੇਂਦਰ 24 ਘੰਟੇ ਕਾਰਜਸ਼ੀਲ ਰਹੇਗਾ ਅਤੇ ਇਸ ਟਰਮੀਨਲ ਉਤੇ ਆਉਣ ਵਾਲੇ ਐਨ.ਆਰ.ਆਈਜ਼ ਅਤੇ ਹੋਰ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਨੇੜਲੀਆਂ ਥਾਵਾਂ ਉਤੇ ਲਿਜਾਣ ਲਈ ਸਹਾਇਤਾ ਕਰਨਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੇਲੇ ਵੀ ਹਵਾਈ ਉਡਾਨਾਂ ਦੇ ਪਹੁੰਚਣ, ਉਡਾਨਾਂ ਦੇ ਸਮੇਂ, ਟੈਕਸੀ ਸਰਵਿਸ, ਹਵਾਈ ਅੱਡੇ ਉਤੇ ਗੁਆਚੇ ਸਾਮਾਨ ਬਾਰੇ ਸੂਚਿਤ ਕਰਨ ਜਾਂ ਕੋਈ ਹੋਰ ਸਹਾਇਤਾ ਲਈ ਇਸ ਕੇਂਦਰ ਤੱਕ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਐਮਰਜੈਂਸੀ ਆਉਂਦੀ ਹੈ ਤਾਂ ਨਵੀਂ ਦਿੱਲੀ ਸਥਿਤ ਪੰਜਾਬ ਭਵਨ, ਕਾਪਰਨਿਕਸ ਮਾਰਗ ਵਿਖੇ ਕੁਝ ਕਮਰੇ ਵੀ ਮੁਸਾਫਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਦਿੱਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਸਹਾਇਤਾ ਲੈਣ ਲਈ 011-61232182 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੋਂ ਕੌਮੀ ਰਾਜਧਾਨੀ ਆਉਣ ਵਾਲੇ ਵਾਹਨਾਂ ਦੀ ਨਿਰਵਿਘਨ ਐਂਟਰੀ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ ਕਿਉਂਕਿ ਹੁਣ ਮਿਊਂਸਪਲ ਕਾਰਪੋਰੇਸ਼ਨ, ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ।