Bharat Jodo Yatra in Punjab: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੀਡੀਆ ਨੇ ਰਾਹੁਲ ਗਾਂਧੀ ਤੋਂ ਕਾਂਗਰਸ ਆਗੂਆਂ ਦੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਸਵਾਲ ਕੀਤੇ। ਜਿਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਬੇਕਾਰ ਲੋਕ ਭਾਜਪਾ ਵਿੱਚ ਚਲੇ ਗਏ ਹਨ।


ਰਾਹੁਲ ਗਾਂਧੀ ਨੇ ਕਿਹਾ ਕਿ ਸ਼ੁਕਰ ਹੈ ਬੇਕਾਰ ਨੇਤਾ ਭਾਜਪਾ ਵਿਚ ਚਲੇ ਗਏ ਹਨ। ਸਾਡੀ ਪਾਰਟੀ ਵਿੱਚ ਨੌਜਵਾਨ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਸਮਰੱਥ ਅਤੇ ਸੀਨੀਅਰ ਆਗੂਆਂ ਦਾ ਸੁਮੇਲ ਹੈ, ਜੋ ਲਗਾਤਾਰ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਕਈ ਨੇਤਾਵਾਂ ਨੇ ਈਡੀ-ਸੀਬੀਆਈ ਅਤੇ ਹੋਰ ਕਾਰਨਾਂ ਕਰਕੇ ਪਾਰਟੀ ਛੱਡ ਦਿੱਤੀ ਹੈ। ਪਰ ਭਾਰਤ ਜੋੜੋ ਯਾਤਰਾ ਦੌਰਾਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਗੁਲਾਮ ਨਬੀ ਆਜ਼ਾਦ, ਜੋਤੀਰਾਦਿੱਤਿਆ ਸਿੰਧੀਆ ਅਤੇ ਜਤਿਨ ਪ੍ਰਸਾਦ ਸਮੇਤ ਹੋਰ ਨੇਤਾਵਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਇਹ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ।


ਹੁਸ਼ਿਆਰਪੁਰ 'ਚ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਛੇੜਛਾੜ


ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਪੰਜਾਬ ਵਿੱਚੋਂ ਲੰਘ ਰਹੀ ਹੈ। ਹੁਸ਼ਿਆਰਪੁਰ 'ਚ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਉਂ ਹੀ ਯਾਤਰਾ ਦਸੂਹਾ ਪਹੁੰਚੀ ਤਾਂ ਸੁਰੱਖਿਆ ਘੇਰਾ ਤੋੜ ਕੇ ਇੱਕ ਨੌਜਵਾਨ ਰਾਹੁਲ ਗਾਂਧੀ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਉਕਤ ਵਿਅਕਤੀ ਨੂੰ ਖਦੇੜ ਦਿੱਤਾ।


ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦਾ ਅਲਰਟ


ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਰਾਹੁਲ ਗਾਂਧੀ ਨੂੰ ਕਸ਼ਮੀਰ ਫੇਰੀ ਦੌਰਾਨ ਸੁਰੱਖਿਆ ਖਾਮੀਆਂ ਦਾ ਖਦਸ਼ਾ ਜ਼ਾਹਰ ਕਰਦੇ ਹੋਏ ਕੁਝ ਥਾਵਾਂ 'ਤੇ ਨਾ ਚੱਲਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਦੋ ਵਾਰ ਲਿਖ ਚੁੱਕੀ ਹੈ, ਜਿਸ ਦੇ ਜਵਾਬ 'ਚ ਮੰਤਰਾਲੇ ਨੇ ਕਿਹਾ ਕਿ ਉਹ ਖੁਦ ਕਈ ਥਾਵਾਂ 'ਤੇ ਸੁਰੱਖਿਆ ਮਾਪਦੰਡਾਂ ਨੂੰ ਬਾਈਪਾਸ ਕਰ ਚੁੱਕੇ ਹਨ।