ਬਠਿੰਡਾ: ਪੰਜਾਬ 'ਚ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹ ਪੂਰੀਆਂ ਹੋਣ ਅਤੇ ਕਾਨੂੰਨ ਵਿੱਚ ਉਸ ਨੂੰ ਥਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਨੂੰ ਪ੍ਰਪੋਜ਼ਲ ਭੇਜਿਆ ਜਾ ਚੁੱਕਾ ਹੈ। ਕਿਸਾਨ ਜੋ ਸੋਧ ਚਾਹੁੰਦੇ ਨੇ ਸਰਕਾਰ ਉਹ ਪੂਰੀ ਕਰਨ ਨੂੰ ਤਿਆਰ ਹੈ ਅਤੇ ਸਰਕਾਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਵੀ ਦੇ ਚੁੱਕੀ ਹੈ।


ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਹੈ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੇ ਹਨ। ਉਧਰ ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਐਸ ਵਾਈ ਐਲ ਦਾ ਮੁੱਦਾ ਚੁੱਕੇ ਜਾਣ 'ਤੇ ਕਿਹਾ ਕਿ ਪੰਜਾਬ ਦੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।


ਲੁਧਿਆਣਾ ਪਹੁੰਚੇ ਪੰਜਾਬ ਬੀਜੇਪੀ ਪ੍ਰਧਾਨ ਨੇ ਬੀਤੇ ਦਿਨੀ ਬਠਿੰਡਾਂ ਵਿਖੇ ਬੀਜੇਪੀ ਦੇ ਸਮਾਗਮ ਦੌਰਾਨ ਹੰਗਾਮਾ ਹੋਣ ਅਤੇ ਹੱਥੋਂ ਪਾਈ ਹੋਣ ਦੇ ਕਾਰਨ ਰੱਦ ਕੀਤੇ ਸਮਾਗਮ ਬਾਰੇ ਕਿਹਾ ਕਿ ਪੰਜਾਬ ਦੀ ਪੁਲਿਸ ਬੀਜੇਪੀ ਦੇ ਨਾਲ ਗਲਤ ਵਿਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਸਮਾਗਮ ਰੱਦ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਡੀਜੀਪੀ ਨੂੰ ਮਿਲਣਗੇ ਅਤੇ ਇਸ ਸਬੰਧੀ ਸਖ਼ਤ ਨੋਟਿਸ ਲਿਆ ਜਾਵੇਗਾ।


ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਉਹ ਕਿਸਾਨ ਨਹੀਂ ਸਨ ਸਗੋਂ ਸਿਆਸੀ ਪਾਰਟੀ ਨਾਲ ਸਬੰਧਤ ਸਨ ਅਤੇ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਬਠਿੰਡਾ ਦੇ ਵਿੱਚ ਪਾਰਟੀ ਵੱਲੋਂ ਖੁਦ ਮਾਮਲਾ ਦਰਜ ਕਰਵਾਇਆ ਗਿਆ ਹੈ ਪਰ ਪੁਲਿਸ ਨੇ ਫਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕਰਤੱਵ ਹੈ ਕਿ ਉਹ ਬੀਜੇਪੀ ਦੇ ਸਮਾਗਮਾਂ ਦੀ ਸੁਰੱਖਿਆ ਕਰੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ