Punjab News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 11 ਫਰਵਰੀ ਨੂੰ ਸਵੇਰੇ 11 ਵਜੇ ਕਪੂਰਥਲਾ ਭਵਨ, ਦਿੱਲੀ ਵਿੱਚ ਹੋਵੇਗੀ। ਇਸ ਸਮੇਂ ਦੌਰਾਨ ਦਿੱਲੀ ਚੋਣ ਨਤੀਜਿਆਂ 'ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਰਣਨੀਤੀ ਬਣਾਈ ਜਾਵੇਗੀ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸਮੇਤ ਸਾਰੇ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਣਗੇ ਜੋ ਚੋਣ ਪ੍ਰਚਾਰ ਵਿੱਚ ਸ਼ਾਮਲ ਸਨ।


ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ, ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਇਹ ਦਾਅਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਬਾਜਵਾ ਨੇ ਇਹ ਦਾਅਵਾ ਪੰਜਾਬ 'ਆਪ' ਮੁਖੀ ਅਮਨ ਅਰੋੜਾ ਦੇ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਦੀ ਸੰਭਾਵਨਾ ਬਾਰੇ ਬਿਆਨ ਦਾ ਹਵਾਲਾ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਹਿੰਦੂ ਅਤੇ ਸਿੱਖ ਚਿਹਰਿਆਂ ਦੇ ਆਧਾਰ 'ਤੇ ਦੇਖਣ ਦੀ ਬਜਾਏ ਸਰਕਾਰ ਚਲਾਉਣ ਦੀ ਯੋਗਤਾ ਦੇ ਆਧਾਰ 'ਤੇ ਦੇਖਿਆ ਜਾਣਾ ਚਾਹੀਦਾ ਹੈ।



'ਆਪ' ਦੇ 30 ਵਿਧਾਇਕ ਕਾਂਗਰਸ ਦੇ ਸੰਪਰਕ '


ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ 'ਆਪ' ਦੇ 30 ਵਿਧਾਇਕ ਉਨ੍ਹਾਂ ਦੀ ਪਾਰਟੀ ਦੇ ਸੰਪਰਕ ਵਿੱਚ ਹਨ। ਜਦੋਂ ਇਸ ਮੁੱਦੇ 'ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਿਰਫ਼ ਪ੍ਰਤਾਪ ਬਾਜਵਾ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਵਿੱਚ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਪੰਜਾਬ ਵਿੱਚ ਵੱਡੇ-ਵੱਡੇ ਵਾਅਦੇ ਕੀਤੇ। ਹੁਣ ਤੱਕ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਦਿੱਤਾ ਗਿਆ ਹੈ।


ਪਹਿਲਾਂ ਹੀ ਗਿਆ ਸੀ ਦਿੱਲੀ ਹਾਰਨ ਦਾ ਖ਼ਦਸ਼ਾ


ਗੌਰ ਕਰਨ ਵਾਲੀ ਗੱਲ ਹੈ ਕਿ ਆਪ ਦੇ ਸੱਤਾ ਗੁਆਉਣ ਦਾ ਖ਼ਤਰਾ 2024 ਵਿੱਚ ਹੀ ਮੰਡਰਾ ਰਿਹਾ ਸੀ, ਜਦੋਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਦੋਂ ਕਿ ਪੰਜਾਬ ਵਿੱਚ ਵੀ ਇਹ 13 ਵਿੱਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ। 10 ਸਾਲਾਂ ਵਿੱਚ ਦਿੱਲੀ ਗੁਆਉਣ ਤੋਂ ਬਾਅਦ ਪੰਜਾਬ 'ਆਪ' ਲਈ ਬਹੁਤ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਪਾਰਟੀ ਕੋਲ ਸਿਰਫ਼ ਇਸ ਸੂਬੇ ਵਿੱਚ ਹੀ ਸੱਤਾ ਹੈ।


ਪੰਜਾਬ ਬਚਾਉਣ ਲਈ ਘੜੀ ਜਾਵੇਗੀ ਰਣਨੀਤੀ


ਇਸ ਲਈ, ਕੇਜਰੀਵਾਲ ਇੱਥੇ ਸੱਤਾ ਬਰਕਰਾਰ ਰੱਖਣਾ ਚਾਹੇਗਾ। ਸੂਬੇ ਵਿੱਚ ਚੋਣਾਂ ਹੋਣ ਵਿੱਚ ਅਜੇ 2 ਸਾਲ ਬਾਕੀ ਹਨ। ਅਜਿਹੀ ਸਥਿਤੀ ਵਿੱਚ ਪਾਰਟੀ ਹੁਣ ਕੋਈ ਗ਼ਲਤੀ ਕਰਨ ਦੇ ਮੂਡ ਵਿੱਚ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਬਜਟ ਵੀ ਪੇਸ਼ ਕੀਤਾ ਜਾਣਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿੱਚ ਕੇਜਰੀਵਾਲ ਸਾਰੀਆਂ ਗੱਲਾਂ 'ਤੇ ਫੀਡਬੈਕ ਲੈਣਗੇ ਤੇ ਦਿੱਲੀ ਚੋਣਾਂ ਵਿੱਚ ਕਮੀਆਂ ਬਾਰੇ ਵੀ ਗੱਲ ਕਰਨਗੇ। ਇਸ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੇ ਜੇਤੂ ਵਿਧਾਇਕਾਂ ਨਾਲ ਮੀਟਿੰਗ ਕਰ ਚੁੱਕੇ ਹਨ।



ਕੈਬਨਿਟ ਮੀਟਿੰਗ ਵੀ ਕੀਤੀ ਰੱਦ


ਇਹ ਵੀ ਦੱਸ ਦਈਏ ਕਿ  ਇਸ ਤੋਂ ਪਹਿਲਾਂ, ਪਾਰਟੀ ਨੇ ਅੱਜ (10 ਫਰਵਰੀ) ਪੰਜਾਬ ਵਿੱਚ ਕੈਬਨਿਟ ਮੀਟਿੰਗ ਬੁਲਾਈ ਸੀ, ਪਰ ਐਤਵਾਰ ਦੇਰ ਸ਼ਾਮ ਨੂੰ ਕੈਬਨਿਟ ਮੀਟਿੰਗ ਰੱਦ ਕਰ ਦਿੱਤੀ ਗਈ। ਹੁਣ ਇਹ ਮੀਟਿੰਗ 13 ਫਰਵਰੀ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਵੀ ਇੱਕ ਵਾਰ ਕੈਬਨਿਟ ਮੀਟਿੰਗ ਦਾ ਸ਼ਡਿਊਲ ਬਦਲਿਆ ਜਾ ਚੁੱਕਾ ਹੈ। ਪਹਿਲਾਂ ਇਹ ਮੀਟਿੰਗ 5 ਫਰਵਰੀ ਨੂੰ ਹੋਣੀ ਸੀ।