ਬਠਿੰਡਾ: ਜ਼ਿਲ੍ਹੇ ‘ਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਸੋਢੀ ਕਿਸੇ ਉਦਯੋਗਪਤੀ ਦੇ ਘਰ ਪੁੱਜੇ। ਜਿੱਥੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੇ ਚੈਲੰਜ ‘ਤੇ ਸਵਾਲ ਕੀਤਾ ਗਿਆ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਬੇਅਦਬੀ ਮਾਮਲੇ ‘ਤੇ ਕੇਵਲ ਨਵਜੋਤ ਸਿੱਧੂ ਨੂੰ ਫਿਕਰ ਨਹੀਂ, ਸਾਨੂੰ ਸਾਰਿਆਂ ਨੂੰ ਹੈ। ਉਨ੍ਹਾਂ ਕਿਹਾ ਮੈ ਖੁਦ ਇੱਕ ਸਿੱਖ ਹਾਂ, ਕੈਪਟਨ ਸਾਹਿਬ ਸਿੱਖ ਹਨ।
ਇਸ ਮੁੱਦੇ ‘ਤੇ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕੇਸ ਸੀਬੀਆਈ ਨੇ ਬੰਦ ਕਰ ਦਿੱਤਾ ਸੀ ਪਰ ਕੈਪਟਨ ਸਾਹਿਬ ਨੇ ਸੀਬੀਆਈ ਤੋਂ ਕੇਸ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਦਿੱਤਾ। ਇਸ ਦੇ ਚੱਲਦੇ ਸਿੱਟ ਬਣਾ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਹਾਈਕੋਰਟ ਵੱਲੋਂ ਕੁਝ ਖਾਮੀਆਂ ਦੱਸੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਇਸ ‘ਤੇ ਮੜ ਜਾਂਚ ਕਰਨ ਲਈ ਨਵੀਂ ਕਮੇਟੀ ਬਣਾ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ।
ਇਸ ਦੇ ਨਾਲ ਹੀ ਜਨਰਲ ਜੇਜੇ ਸਿੰਘ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਉਨ੍ਹਾਂ ਦਾ ਮਾਈਂਡ ਸੈੱਟ ਨਹੀਂ। ਇਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਉਹ ਚੋਣ ਲੜੇ ਅਕਾਲੀ ਦਲ ਵੱਲੋਂ ਤੇ ਹੁਣ ਬੋਲ ਰਹੇ ਹਨ ਕਿ ਅਕਾਲੀ ਦਲ ਤੇ ਕਾਂਗਰਸ ਰਲੇ ਹੋਏ ਹਨ। ਜੇ ਉਹ ਸਿਆਸੀ ਬੰਦੇ ਹੁੰਦੇ ਤਾਂ ਉਹ ਇਹ ਨਾ ਬੋਲਦੇ।
ਸੁਖਬੀਰ ਬਾਦਲ ਵੱਲੋਂ ਲਾਏ ਜਾਂਦੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਜੇਕਰ ਫਿਰ ਵੀ ਲੱਗਦਾ ਹੈ ਤਾਂ ਉਹ ਖੁਦ ਜਾ ਕੇ ਲੋਕਾਂ ਨੂੰ ਪੁੱਛਣ ਕਿ ਉਨ੍ਹਾਂ ਨੂੰ ਰਾਸ਼ਨ, ਦਵਾਈਆਂ, ਹਸਪਤਲਾਂ ਵਿੱਚ ਇਲਾਜ ਮਿਲਿਆ ਹੈ ਜਾਂ ਨਹੀਂ।
ਉਧਰ ਪੰਜਾਬ ‘ਚ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਜੇਕਰ ਹਾਲਾਤ ਇਸ ਨਾਲੋਂ ਖਤਰਨਾਕ ਹੋਏ ਤਾਂ ਅਸੀਂ ਅੱਗੇ ਵੀ ਕਰਫ਼ਿਊ ਵੀ ਲਾ ਸਕਦੇ ਹਾਂ। ਕੋਰੋਨਾ ਮਹਾਂਮਾਰੀ ਦੇ ਚੱਲਦੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਸਾਨੂੰ ਕੁਝ ਵੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਮਗਰੋਂ ਕੈਪਟਨ ਨੂੰ ਪਰਗਟ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin