ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ।
ਜੰਮੂ-ਕਸ਼ਮੀਰ ਦੇ ਸੌਰਨਕੋਟ, ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਅੱਜ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਸ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਇਸ ਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ।ਸ਼ਹੀਦ ਜਵਾਨਾਂ ਵਿੱਚ 3 ਫੌਜੀ ਪੰਜਾਬ ਤੋਂ ਹਨ।
ਇਹ ਫੌਜੀ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ (ਜੰਮੂ ਕਸ਼ਮੀਰ) ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੇਸ਼ ਸੇਵਾ ਵਿਚ ਆਪਣੀਆਂ ਜਾਨਾਂ ਨਿਛਾਵਰ ਕਰ ਗਏ।
ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੂਰਬੀਰਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਗਈ ਸਮਰਪਣ ਭਾਵਨਾ ਅਤੇ ਇੱਥੋਂ ਤੱਕ ਕਿ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾ ਦੇਣ ਦਾ ਸਾਹਸ ਬਾਕੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਸ਼ਿੱਦਤ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਤੋਂ ਪਹਿਲਾਂ, ਸੋਮਵਾਰ ਨੂੰ ਜੰਮੂ -ਕਸ਼ਮੀਰ ਦੇ ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ ਸੀ ਅਤੇ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋਇਆ ਸੀ।
ਮੈਕਾਨਾਈਜ਼ਡ ਇਨਫੈਂਟਰੀ (1 ਸਿੱਖ) ਦੇ ਯੂਨਿਟ-4 ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਵਿਚ ਸਥਿਤ ਪਿੰਡ ਮਾਨਾ ਤਲਵੰਡੀ ਦੇ ਵਾਸੀ ਸਨ ਜੋ ਆਪਣੇ ਪਿੱਛੇ ਪਤਨੀ ਸਰਦਾਰਨੀ ਰਾਜ ਕੌਰ ਅਤੇ ਧੀ ਸਿਮਰਜੀਤ ਕੌਰ ਛੱਡ ਗਏ। ਇਸੇ ਤਰ੍ਹਾਂ 11 ਸਿੱਖ ਦੇ ਨਾਇਕ ਮਨਦੀਪ ਸਿੰਘ ਜੋ ਗੁਰਦਾਸਪੁਰ ਜ਼ਿਲ੍ਹੇ ਵਿਚ ਘਣੀਏਕੇ ਬਾਂਗਰ (ਅਲੀਵਾਲ ਤੋਂ ਫਤਿਹਗੜ੍ਹ ਚੂੜੀਆਂ ਰੋਡ) ਨੇੜੇ ਪਿੰਡ ਚੱਠਾ ਸ਼ੀਰਾ ਦੇ ਸਨ, ਆਪਣੇ ਪਿੱਛੇ ਪਤਨੀ ਸਰਦਾਰਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਏ ਅਤੇ 23 ਸਿੱਖ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਵਿਚ ਪਿੰਡ ਪਛਰੰਦਾ ਦੇ ਵਾਸੀ ਸਨ, ਜਿਨ੍ਹਾਂ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਜੋ ਆਪਣੇ ਪਿੱਛੇ ਪਤਨੀ ਸਰਦਾਰਨੀ ਹਰਪ੍ਰੀਤ ਕੌਰ ਛੱਡ ਗਏ।