Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿਚ ਦੇਸ਼ ਸੇਵਾ ਦੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲੇ ਚਾਰ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ-ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।


ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਦਹਿਸ਼ਤਗਰਦੀ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਫੌਜੀ ਜਵਾਨਾਂ ਦੀ ਪਛਾਣ ਹਵਲਦਾਰ ਮਨਦੀਪ ਸਿੰਘ, ਪਿੰਡ ਚਣਕੋਈਆਂ ਕਾਕਨ (ਲੁਧਿਆਣਾ),  ਲਾਂਸ ਨਾਇਕ ਕੁਲਵੰਤ ਸਿੰਘ, ਪਿੰਡ ਚੜਿੱਕ (ਮੋਗਾ), ਸਿਪਾਹੀ ਹਰਕ੍ਰਿਸ਼ਨ ਸਿੰਘ, ਪਿੰਡ ਤਲਵੰਡੀ ਭਰਥ (ਗੁਰਦਾਸਪੁਰ) ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ (ਬਠਿੰਡਾ) ਵਜੋਂ ਹੋਈ ਹੈ।

 


 

ਭਗਵੰਤ ਮਾਨ ਨੇ ਅੱਤਵਾਦੀ ਹਮਲੇ ਦੀ ਨਿਖੇਧੀ ਕਰਦੇ ਹੋਏ ਇਸ ਹਮਲੇ ਵਿਚ ਬਹਾਦਰ ਸੈਨਿਕਾਂ ਦੀ ਸ਼ਹਾਦਤ ਉਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

 



ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਨਾਇਕਾਂ ਵੱਲੋਂ ਦੇਸ਼ ਦੀ ਰਾਖੀ ਲਈ ਦਿਖਾਈ ਸੂਰਮਗਤੀ ਬਾਕੀ ਸੈਨਿਕਾਂ ਨੂੰ ਵੀ ਆਪਣੀ ਡਿਊਟੀ ਸਮਰਪਿਤ ਭਾਵਨਾ ਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੀ ਮੁਲਕ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਵੱਲੋਂ ਸਰਹੱਦਾਂ ਉਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ।    

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।