Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।


ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਜਾਨ ਜਾਣੀ ਮੰਦਭਾਗੀ ਗੱਲ ਹੈ ਤੇ ਇਹ ਸੂਬੇ ਲਈ ਤੇ ਪੀੜਤ ਪਰਿਵਾਰਾਂ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਰਾਸ਼ੀ ਵਿੱਚੋਂ ਵਿੱਚੋਂ ਇਕ-ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂਕਿ ਇਕ-ਇਕ ਕਰੋੜ ਰੁਪਏ ਦੇ ਬੀਮੇ ਦੀ ਅਦਾਇਗੀ ਐਚਡੀਐਫਸੀ ਬੈਂਕ ਵੱਲੋਂ ਕੀਤੀ ਜਾਵੇਗੀ। 


ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ, ਸੂਬਾ ਸਰਕਾਰ ਦੀ ਸੈਨਿਕਾਂ (ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ ਤੇ ਪੁਲਿਸ ਮੁਲਾਜ਼ਮਾਂ) ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਦੇ ਮੁਤਾਬਕ ਹੈ।


ਦੱਸ ਦਈਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਅੱਡਾ ਐਮਾ ਮਾਂਗਟ ਦੇ ਨਜ਼ਦੀਕ ਅੱਜ ਸਵੇਰੇ ਪੰਜਾਬ ਪੁਲਿਸ ਦੀ ਬੱਸ ਤੇ ਟਰਾਲੇ ਦੀ ਹੋਈ ਟੱਕਰ ਤੋਂ ਬਾਅਦ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 15 ਤੋਂ 20 ਮੁਲਾਜ਼ਮ ਜ਼ਖਮੀ ਹੋ ਗਏ ਜਿਨਾਂ ਨੂੰ ਸ਼ੁਰੂਆਤੀ ਇਲਾਜ ਲਈ ਪਹਿਲਾਂ ਮੁਕੇਰੀਆਂ ਦੇ ਹੋਸਪਿਟਲ ਲਿਆਂਦਾ ਗਿਆ।


ਇਸ ਤੋਂ ਬਾਅਦ ਪੰਜ ਮੁਲਾਜ਼ਮ ਜਿਆਦਾ ਗੰਭੀਰ ਜਖਮੀ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬੱਸ ਨੂੰ ਫਿਲਹਾਲ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਤੋਂ ਹਟਾ ਲਿਆ ਗਿਆ ਪਰ ਟਰਾਲਾ ਐਕਸੀਡੈਂਟ ਵਾਲੀ ਜਗ੍ਹਾ ਤੇ ਹੀ ਖੜ੍ਹਾ ਹੈ।


ਇਸ ਸਬੰਧੀ ਹੁਸ਼ਿਆਰਪੁਰ ਐਸਐਸਪੀ ਸੁਰਿੰਦਰ ਲਾਂਬਾ ਵੀ ਐਕਸੀਡੈਂਟ ਵਾਲੀ ਜਗ੍ਹਾ ਪਹੁੰਚੇ ਤੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੱਸ ਵਿੱਚ ਬੈਠੇ ਜੋ ਜ਼ਖਮੀ ਮੁਲਾਜ਼ਮ ਹਨ, ਉਨ੍ਹਾਂ ਨਾਲ ਗੱਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਬੱਸ ਦੇ ਅੱਗੇ ਜਾਨਵਰ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਇਹ ਦਰਦਨਾਕ ਹਾਦਸਾ ਹੋਇਆ।