CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇੰਡੀਆ ਗਠਜੋੜ ਤਹਿਤ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਰਲ ਕੇ ਚੋਣਾਂ ਨਹੀਂ ਲੜੇਗੀ। ਸੀਐਮ ਭਗਵੰਤ ਮਾਨ ਦੇ ਐਲਾਨ ਨਾਲ ਗੱਠਜੋੜ ਦੀਆਂ ਸਾਰੀਆਂ ਕਿਆਸਰਾਈਆਂ ਖਤਮ ਹੋ ਗਈਆਂ ਹਨ।
ਇਸ ਤੋਂ ਤੈਅ ਹੈ ਕਿ ਲੋਕ ਸਭਾ ਚੋਣ 2024 ਨੂੰ ਲੈ ਕੇ ਪੰਜਾਬ ਵਿੱਚ ਇੰਡੀਆ ਗਠਜੋੜ ਨਹੀਂ ਹੋਏਗਾ। ਹਾਸਲ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕਲਿਆਂ ਹੀ ਸਾਰੀਆਂ 13 ਦੀਆਂ 13 ਸੀਟਾਂ 'ਤੇ ਚੋਣ ਲੜਨ ਦੀ ਰਣਨੀਤੀ ਬਣਾ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪ ਦੇ ਵਰਕਰਾਂ ਤੇ ਲੀਡਰਾਂ ਨੂੰ 13 ਸੀਟਾਂ 'ਤੇ ਤਿਆਰੀ ਕਰਨ ਦੇ ਹੁਕਮ ਦੇ ਦਿੱਤੇ ਹਨ।
ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਠਾਕ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਇਸ ਵਿੱਚ ਤੈਅ ਹੋਇਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਸੀਟਾਂ 'ਤੇ ਚੋਣ ਲੜੇਗੀ। ਕੇਜਰੀਵਾਲ ਨੇ ਆਪਣੇ ਲੀਡਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ 39 ਚਿਹਰਿਆਂ ਦੀ ਭਾਲ ਕੀਤੀ ਹੈ ਜਿਨ੍ਹਾਂ 'ਚੋਂ ਹੁਣ 13 ਉਮੀਦਵਾਰ ਚੁਣੇ ਜਾਣਗੇ। ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਨੌਜਵਾਨਾਂ ਤੇ ਮਹਿਲਾਵਾਂ ਨੂੰ ਤਵੱਜੋ ਦੇਵੇਗੀ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਕੱਲੇ ਚੋਣ ਲੜਨ ਦੀ ਲਗਾਤਾਰ ਗੱਲ ਹਾਈਕਮਾਨ ਅੱਗੇ ਰੱਖ ਚੁੱਕੇ ਸਨ। ਇਸ 'ਤੇ ਆਮ ਆਦਮੀ ਪਾਰਟੀ ਨੇ ਸਹਿਮਤੀ ਜਤਾ ਦਿੱਤੀ ਹੈ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਪਹਿਲਾਂ ਵੀ ਬਿਆਨ ਵੀ ਦੇ ਚੁੱਕੇ ਹਨ ਕਿ ਇਸ ਵਾਰ ਪੰਜਾਬ 'ਚ ਆਮ ਆਦਮੀ ਪਾਰਟੀ 13-0, ਯਾਨੀ ਆਪ 13 ਸੀਟਾਂ 'ਤੇ ਜਿੱਤ ਹਾਸਲ ਕਰਨ ਜਾ ਰਹੀ ਹੈ।
ਉਧਰ ਪੰਜਾਬ ਕਾਂਗਰਸ ਦੇ ਲੀਡਰ ਵੀ ਸੂਬੇ ਵਿੱਚ ਸੱਤਾਧਿਰ ਪਾਰਟੀ AAP ਨਾਲ ਗਠਜੋੜ ਨਹੀਂ ਕਰਨਾ ਚਾਹੁੰਦੇ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਹਾਈਕਮਾਨ ਅੱਗੇ ਵਾਰ ਵਾਰ ਆਪਣੀ ਮੰਗ ਰੱਖ ਚੁੱਕੇ ਹਨ ਕਿ ਸਾਨੂੰ ਪੰਜਾਬ 'ਚ ਗਠਜੋੜ ਨਹੀਂ ਚਾਹੀਦਾ ਹੈ। ਅਸੀਂ ਆਪਣੇ ਦਮ 'ਤੇ ਸਾਰੀਆਂ ਚੋਣਾਂ ਲੜਾਂਗੇ।