Punjab Congress: ਕਾਂਗਰਸ ਨੇ ਪੰਜਾਬ ਵਿੱਚੋਂ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਪਾਰਟੀ ਪ੍ਰਧਾਨ, ਸਾਂਸਦ, ਵਿਧਾਇਕ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉੱਪ ਮੁੱਖ ਮੰਤਰੀ ਤੇ ਸਾਬਕਾ ਮੰਤਰੀਆਂ ਤੱਕ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਿਸ ਤੋਂ ਇਹ ਤਾਂ ਸਾਫ਼ ਹੈ ਪੰਜਾਬ ਕਾਂਗਰਸ ਇਹ ਚੋਣਾਂ ਸਿਰ ਧੜ ਦੀ ਬਾਜ਼ੀ ਲਾਕੇ ਲੜ ਰਹੀ ਹੈ।


ਜੇ ਗੱਲ ਇਸ ਵੇਲੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਲੁਧਿਆਣਾ ਸੀਟ ਦੀ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਲਈ ਇਹ ਚੋਣ ਜਿੱਤਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਪਾਰਟੀ ਦੇ ਪ੍ਰਧਾਨ ਹਨ ਤੇ ਦੂਜਾ ਉਹ ਰਵਨੀਤ ਬਿੱਟੂ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਡੈਂਟ ਨਹੀਂ ਲੱਗਿਆ ਹੈ।  ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਰਟੀ ਨੇ ਸੂਬਾ ਪ੍ਰਧਾਨ ਨੂੰ ਔਖੀ ਸੀਟ ਉੱਤੇ ਘੱਲਿਆ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਅਰੁਣ ਜੇਤਲੀ ਖ਼ਿਲਾਫ਼ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਹਨ।


ਜੇ ਦੂਜੇ ਚਰਚਾ ਵਾਲੀ ਸੀਟ ਦੀ ਗੱਲ ਕਰੀਏ ਤਾਂ ਉਹ ਬਿਨਾਂ ਸ਼ੱਕ ਜਲੰਧਰ ਦੀ ਹੈ, ਜਿੱਥੋਂ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਨੂੰ ਉਮੀਦਵਾਰ ਬਣਾਇਆ ਹੈ ਜੋ ਕਿ ਮੁੱਖ ਮੰਤਰੀ ਹੁੰਦੇ ਹੋਏ ਜੋ ਸੀਟਾਂ ਤੋਂ ਵਿਧਾਇਕੀ ਹਾਰ ਗਏ ਸਨ। ਇਸ ਲਈ ਚਰਨਜੀਤ ਚੰਨੀ ਲਈ ਲਈ ਇਹ ਚੋਣ ਆਪਣਾ ਸਿਆਸੀ ਕੱਦ ਦਿਖਾਉਣ ਵਾਲੀ ਹੈ ਕਿਉਂਕਿ ਜੇ ਉਹ ਲਗਾਤਾਰ ਦੂਜੀ(ਤੀਜੀ) ਚੋਣ ਹਾਰ ਜਾਂਦੇ ਹਨ ਤਾਂ ਉਨ੍ਹਾਂ  ਦੇ ਸਿਆਸੀ ਬਲਬੂਤੇ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹੇ ਹੋਣਗੇ।


ਅਗਲੀ ਸੀਟ ਬੇਸ਼ੱਕ ਸੰਗਰੂਰ ਸੀਟ ਹੈ ਜਿੱਥੋਂ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਭੁਲੱਥ ਤੋਂ ਲਿਆਂਦਾ ਹੈ। ਖਹਿਰਾ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨਾਲ ਨਹੀਂ ਸਗੋਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਕਾਬਲਾ ਮੰਨ ਰਹੇ ਹਨ। ਜੇ ਉਹ ਇਹ ਸੀਟ ਕੱਢਦੇ ਹਾਂ ਤਾਂ ਬੇਸ਼ੱਕ ਉਹ ਕਾਂਗਰਸ ਦੀ ਚੋਟੀ ਦੀ ਕਰੀਮ ਵਿੱਚ ਸ਼ਾਮਲ ਹੋ ਜਾਣਗੇ ਤੇ ਪਾਰਟੀ ਉਨ੍ਹਾਂ ਦੀ ਦਲਬਦਲੀ ਨੂੰ ਵੀ ਭੁੱਲ ਸਕਦੀ ਹੈ ਪਰ ਜੇ ਹਾਰ ਗਏ ਤਾਂ ਪਾਰਟੀ ਨੂੰ ਦੂਹਰਾ ਨੁਕਸਾਨ ਹੋਵੇਗਾ, ਇੱਕ ਤਾਂ ਸੀਟ ਹੱਥੋਂ ਜਾਵੇਗੀ ਤੇ ਦੂਜਾ ਸਥਾਨਕ ਲੀਡਰ ਵੀ ਨਰਾਜ਼ ਹੋ ਗਏ  ਹਨ।


ਜੇ ਗੱਲ ਸਟਾਰ ਸੀਟ ਗੁਰਦਾਸਪੁਰ ਦੀ ਕਰੀਏ ਤਾਂ ਇੱਥੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ। ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਹਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਰਾਜਸਥਾਨ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।  ਰੰਧਾਵਾ ਦੀ ਜਿੱਤ ਤੋਂ ਬਾਅਦ ਇਹ ਯਕੀਨੀ ਹੋ ਜਾਵੇਗਾ ਕਿ ਉਹ ਵੀ ਸਿਰਕੱਢ ਸਿਆਸਤਦਾਨ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਦਾਅਵੇਦਾਰ ਹੋ ਸਕਦੇ ਹਨ।


ਇਸ ਤੋਂ ਬਾਅਦ ਵਿਜੇ ਇੰਦਰ ਸਿੰਗਲਾ ਲਈ ਵੀ ਇਹ ਚੋਣ ਜਿੱਤਣੀ ਜ਼ਰੂਰੀ ਹੈ ਕਿਉਂਕਿ ਉਹ ਮੰਤਰੀ ਹੁੰਦੇ ਹੋਏ ਵੀ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ।