ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭੋਆ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪੱਪਲ ਦੀ ਜਬਰੀ ਗ੍ਰਿਫਤਾਰੀ ਨੂੰ ਸਪੱਸ਼ਟ ਤੌਰ 'ਤੇ ਸਿਆਸੀ ਦੁਸ਼ਮਣੀ ਦਾ ਮਾਮਲਾ ਕਰਾਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਕੇਸ ਦਰਜ ਹੈ। ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂਕਿ ਪੱਪਲ ਨੂੰ ਗ੍ਰਿਫਤਾਰ ਕਰਨ ਲਈ ਹੀ ਉਨ੍ਹਾਂ ਦਾ ਨਾਂਅ ਜੋੜਿਆ ਗਿਆ ਹੈ।
ਉਨ੍ਹਾਂ ਪੁਲਿਸ ਨੂੰ ਵੀ ਕਿਹਾ ਹੈ ਕਿ ਉਹ ‘ਆਪ’ ਦੇ ਦਬਾਅ ਵਿੱਚ ਨਾ ਆਉਣ ਅਤੇ ਲੋਕਾਂ ਖ਼ਿਲਾਫ਼ ਝੂਠੇ ਕੇਸ ਦਰਜ ਨਾ ਕਰਨ। ਉਨ੍ਹਾਂ ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੀ ਜਿੰਮੇਵਾਰੀ ਨਿਭਾਓ ਅਤੇ ਯਕੀਨੀ ਬਣਾਓ ਕਿ ਬੇਕਸੂਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ, ਕਿਉਂਕਿ ਤੁਹਾਡੀ ਵੀ ਜਵਾਬਦੇਹੀ ਹੋਵੇਗੀ।
ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਸਿਆਸੀ ਦੁਸ਼ਮਣੀ ਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਜੋਂ ਨਹੀਂ ਪੇਸ਼ ਕਰ ਸਕਦੇ। ਜੇਕਰ ਅਜਿਹਾ ਹੁੰਦਾ, ਤਾਂ ਪੁਲਿਸ ਨੂੰ 'ਆਪ' ਦੇ ਉਸ ਆਗੂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ, ਜਿਸ ਦੇ ਖਿਲਾਫ ਕਾਂਗਰਸੀ ਆਗੂ ਵਿਰੁੱਧ ਝੂਠਾ ਕੇਸ ਦਰਜ ਕਰਨ ਤੋਂ ਇਕ ਮਹੀਨੇ ਪਹਿਲਾਂ ਐੱਫ.ਆਈ.ਆਰ ਦਰਜ ਕੀਤੀ ਗਈ ਸੀ।
ਵੜਿੰਗ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਤੋਂ ਨਿਰਾਸ਼ ਹੈ ਅਤੇ ਉਸਨੂੰ ਸੰਗਰੂਰ ਸੰਸਦੀ ਜਿਮਨੀ ਚੋਣ 'ਚ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਹੈ। ਜੋ ਹੁਣ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਮਾਮਲਾ ਅਦਾਲਤ ਵਿੱਚ ਕਾਨੂੰਨ ਦੀ ਪੜਤਾਲ ਚ ’ਤੇ ਨਹੀਂ ਖੜਾ ਹੋਵੇਗਾ। ਤੁਸੀਂ ਪੁਲਿਸ ਦੀ ਦੁਰਵਰਤੋਂ ਕਰਕੇ ਸਾਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਅੰਤ ਵਿੱਚ ਅਦਾਲਤ ਦੁਆਰਾ ਨਿਆਂ ਹੁੰਦਾ ਹੈ ਅਤੇ ਸਾਨੂੰ ਆਪਣੀ ਨਿਆਂ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ ਹੈ।
ਇਹ ਵੀ ਪੜ੍ਹੋ: Firing in Amritsar: ਅੰਮ੍ਰਿਤਸਰ ਦੀ ਡਰੀਮ ਸਿਟੀ 'ਚ ਦੋ ਗੁੱਟਾਂ 'ਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ, 3 ਜ਼ਖਮੀ