ਜਲੰਧਰ: ਕਾਂਗਰਸ ਵੱਲੋਂ ਅੱਜ ਜਲੰਧਰ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਈਡੀ ਵੱਲੋਂ ਸੰਮਨ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤੀ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਈਡੀ ਹੁਣ ਬੀਜੇਪੀ ਦੀ ਇਲੈਕਸ਼ਨ ਮੈਨੇਜਮੈਂਟ ਏਜੰਸੀ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਨੂੰ ਦੱਬਣ ਤੇ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਦੇਸ਼ ਅੰਦਰ ਡਰ ਦਾ ਮਾਹੌਲ ਹੈ। ਅੱਜ ਸਾਨੂੰ ਪਤਾ ਨਹੀਂ ਸਾਡਾ ਸਾਥੀ ਕੌਣ ਤੇ ਦੁਸ਼ਮਣ ਕੌਣ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਤੇ ਰਾਜ ਕਰਨ ਵਾਲਿਆਂ ਦੀ ਦੇਸ਼ ਨੂੰ ਉੱਚਾ ਚੁੱਕਣ ਦੀ ਨਹੀਂ, ਬੱਸ ਇਕੋ ਸੋਚ ਕਿਵੇਂ ਕਾਂਗਰਸ ਦੀ ਸੋਚ ਤੇ ਗਾਂਧੀਵਾਦੀ ਸੋਚ ਨੂੰ ਖਤਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਬਣਾਉਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਗਈਆਂ। ਗਾਂਧੀ ਪਰਿਵਾਰ ਨੇ ਸ਼ਹਦਾਤ ਦਿੱਤੀ। ਕਾਂਗਰਸ ਦੇਸ਼ ਵਿੱਚ ਆਰਐਸਐਸ ਦੀ ਸੋਚ ਨੂੰ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਇੱਕ ਰਾਹੁਲ ਗਾਂਧੀ ਨੂੰ ਸੰਮਨ ਹੋਇਆ ਤਾਂ ਹਜ਼ਾਰਾਂ ਰਾਹੁਲ ਗਾਂਧੀ ਖੜ੍ਹੇ ਹੋਏ। ਇਹ ਨਵੀਂ ਆਜ਼ਾਦੀ ਦੀ ਲੜਾਈ ਹੈ।
ਇਸ ਦੌਰਾਨ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਰਾਜਾ ਵਡਿੰਗ ਨੂੰ ਚੰਗੇ ਕਿਰਦਾਰ ਦੇ ਲੋਕ ਰਾਜਨੀਤੀ ਵਿੱਚ ਲਿਆਉਣੇ ਚਾਹੀਦੇ ਹਨ। ਪਰਗਟ ਸਿੰਘ ਨੇ ਕਿਹਾ ਲੋਕਾਂ ਦਾ ਵਿਸ਼ਵਾਸ਼ ਉਠ ਚੁੱਕਾ ਹੈ, ਉਸ ਨੂੰ ਵਾਪਸ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਿੰਘ ਅਮਰਿੰਦਰ ਵਰਗਿਆਂ ਤੋਂ ਆਸ ਨਹੀਂ ਹੁੰਦੀ ਪਰ ਰਾਜਾ ਵੜਿੰਗ ਤੋਂ ਬਹੁਤ ਆਸਾਂ ਹਨ। ਪ੍ਰਗਟ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ।
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ’ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਮਵਾਰ ਨੂੰ ਈਡੀ ਅੱਗੇ ਪੇਸ਼ ਹੋਏ। ਇਸ ਮੌਕੇ ਰਾਹੁਲ ਨੂੰ ਸਮਰਥਨ ਦੇਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਤੇ ਵੱਡੀ ਵਿੱਚ ਗਿਣਤੀ ਵਿੱਚ ਵਰਕਰ ਵੀ ਈਡੀ ਦਫਤਰ ਪੁੱਜੇ।
ਰਾਹੁਲ ਗਾਂਧੀ ਈਡੀ ਦਫ਼ਤਰ ਜਾਣ ਸਮੇਂ ਕਾਂਗਰਸ ਦਫ਼ਤਰ ਤੋਂ ਕੁਝ ਦੂਰ ਤਕ ਪੈਦਲ ਗਏ। ਪੁਲਿਸ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕ ਦਿੱਤਾ। ਰਾਹੁਲ ਦਾ ਕਾਫਲਾ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪੁੱਜਾ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪਾਰਟੀ ਦਫ਼ਤਰ ਦੁਆਲੇ ਧਾਰਾ 144 ਲਾ ਦਿੱਤੀ।
ਇਹ ਵੀ ਪੜ੍ਹੋ: Rahul Gandhi News: ਰਾਹੁਲ ਗਾਂਧੀ ਦੀ ਈਡੀ ਸਾਹਮਣੇ ਪੇਸ਼ੀ ਨਾਲ ਸਿਆਸੀ ਉਬਾਲ, ਦੇਸ਼ ਭਰ 'ਚ ਸੜਕਾਂ 'ਤੇ ਉੱਤਰੇ ਕਾਂਗਰਸੀ