Sri Muktsar Sahib (ਅਸ਼ਰਫ ਢੁੱਡੀ ) : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਹੱਥ ਨਾਲ ਹੱਥ ਜੋੜੋ ਮੁਹਿੰਮ ਦੇ ਤਹਿਤ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕੀਤੀ ਅਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅਨੁਭਵ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ ਚਰਚਾ ਕੀਤੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਪੰਜਾਬ ਦੀ ਆਪ ਸਰਕਾਰ 'ਤੇ ਚੁੱਕੇ ਸਵਾਲ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਦੇ ਟੈਕਸ ਇਕਠੇ ਕਰਕੇ ਕੇਂਦਰ ਨੂੰ ਜਾਂਦੇ ਹਨ ਤੇ ਫਿਰ ਉਹੀ ਪੈਸਾ ਪੰਜਾਬ ਕੋਲ ਵਾਪਿਸ ਆਉਂਦਾ ਹੈ। ਇਸ ਵਿਚ ਕੇਂਦਰ ਦਾ ਪੈਸਾ ਹੋਣ ਦੀ ਕੋਈ ਗੱਲ ਨਹੀਂ ਹੈ। ਸੂਬਾ ਸਰਕਾਰਾਂ ਵੀ ਟੈਕਸ ਦਾ ਪੈਸਾ ਇਕੱਠਾ ਕਰਕੇ ਕੇਂਦਰ ਨੂੰ ਭੇਜਦੀਆਂ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਫੋਕੀਆਂ ਸਕੀਮਾਂ ਨਾ ਚਲਾਉ। ਆਪ ਸਰਕਾਰ ਪੁਰਾਣੀਆਂ ਇਮਾਰਤਾਂ 'ਚ ਨਵੇਂ ਕਲੀਨਿਕ ਖੋਲ੍ਹ ਕੇ ਵਾਹੋ -ਵਾਹੀ ਨਾ ਖੱਟੇ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਕਈ ਹਸਪਤਾਲ ਹਨ ,ਜਿਥੇ ਚੰਗੇ -ਚੰਗੇ ਡਾਕਟਰ ਸੀ ਪਰ ਅੱਜ ਉਥੇ ਹਾਲਾਤ ਕੁਝ ਹੋਰ ਹਨ। ਉਥੇ ਨਾ ਕੋਈ ਮਸ਼ੀਨ ਹੈ, ਨਾ ਡਾਕਟਰ ਹੈ। ਹਸਪਤਾਲ ਫੇਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਪ ਵਾਲੇ ਮੁਹੱਲਾ ਕਲੀਨੀਕ ਖੋਲ ਕੇ ਫੋਟੋਆਂ ਦੀ ਖੇਡ ਖੇਡੀ ਜਾ ਰਹੇ ਹਨ।
ਸੀਐਮ ਅਤੇ ਰਾਜਪਾਲ ਆਪਸ 'ਚ ਲੜੀ ਜਾਂਦੇ ਹਨ। ਜੇ ਇਨ੍ਹਾਂ ਦੀ ਲੜਾਈ ਨਹੀਂ ਠੀਕ ਹੋ ਰਹੀ ਤਾਂ ਮੈਂ ਇਨ੍ਹਾਂ ਦਾ ਸਮਝੌਤਾ ਕਰਵਾ ਦਿੰਦਾ ਹਾਂ। ਜੇ ਇਨ੍ਹਾਂ ਤੋਂ ਮਸਲਾ ਹੱਲ ਨਹੀਂ ਹੋ ਰਿਹਾ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨਾਲ ਕੋਈ ਨਾ ਕੋਈ ਕੁੰਡਾ ਫਸਿਆ ਰਹੇ ਤੇ ਸਾਡਾ ਫਾਇਦਾ ਹੁੰਦਾ ਰਹੇ। ਇਸ ਲਈ ਮੈਂ ਆਪ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ , ਮੈਂ ਪੰਜਾਬ ਵਾਸਤੇ ਦੋਵਾਂ ਦੇ ਪੈਰੀ ਹੱਥ ਲਾ ਕੇ ਮਿਨਤ ਕਰ ਲਉਂਗਾ। ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਮੈਂ ਆਪਣੀ ਪੱਗ ਵੀ ਇਨ੍ਹਾਂ ਦੇ ਪੈਰਾਂ 'ਚ ਰੱਖ ਦਿਓਗਾ। ਪੰਜਾਬ ਦੇ ਭਲੇ ਲਈ ਮੈਂ ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਸਜ਼ਾ ਪੂਰੀ ਹੋਣ ਮਗਰੋਂ ਵੀ ਜੇਲ੍ਹਾਂ 'ਚ ਬੰਦ 22 ਸਿੱਖ, ਸੰਘਰਸ਼ ਦੇ ਬਾਵਜੂਦ ਕੇਂਦਰ ਤੇ ਪੰਜਾਬ ਸਰਕਾਰ ਖਾਮੋਸ਼
ਸ਼ਾਮ ਸੁੰਦਰ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਚੰਗਾ ਹੋਇਆ ਕਿ ਇਹ ਬੀਜੇਪੀ 'ਚ ਚਲਾ ਗਿਆ ਨਹੀਂ ਤਾਂ ਪੱਤਰਕਾਰਾਂ ਨੇ ਕਾਗਂਰਸ ਨੂੰ ਨਹੀਂ ਛੱਡਣਾ ਸੀ। ਤੁਸੀਂ ਬੀਜੇਪੀ ਤੋਂ ਪੁੱਛੋਂ ਸ਼ਾਮ ਸੁੰਦਰ ਅਰੋੜਾ ਬਾਰੇ। ਗੈਂਗਸਟਰ ਅਰਸ਼ ਡੱਲਾ ਵੱਲੋਂ ਲੱਖਾਂ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰ ,ਵਪਾਰੀ ,ਕਰਿਆਣਾ ਦੀ ਦੁਕਾਨ ਚਲਾਉਣ ਵਾਲਿਆਂ ਤੋਂ ਫਿਰੌਤੀਆਂ ਮੰਗ ਰਹੇ ਹਨ ਤੇ ਪੰਜਾਬ ਸਰਕਾਰ ਕੁੱਝ ਨਹੀਂ ਕਰ ਰਹੀ।
ਹੁਸ਼ਿਆਰਪੁਰ 'ਚ ਤਿੰਨ ਟੋਲ ਪਲਾਜ਼ਾ ਬੰਦ ਕਰਾਉਣ ਵਾਲੇ ਮਾਮਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਟੋਲ ਪਲਾਜ਼ੇ 'ਤੇ ਨਾਜਾਇਜ ਟੋਲ ਇਕੱਠਾ ਕੀਤਾ ਜਾ ਰਿਹਾ ਸੀ, ਉਹ ਗਲਤ ਹੈ। ਜਬਰੀ ਟੋਲ ਵਸੂਲਣਾ ਮਾੜੀ ਗੱਲ ਹੈ। ਲੋਕਾਂ ਨੂੰ ਟੋਲ ਬੰਦ ਹੋਣ ਨਾਲ ਰਾਹਤ ਮਿਲੇਗੀ। ਟੋਲ ਪਲਾਜ਼ੇ ਵਾਲੇ ਲੱਖਾਂ ਰੁਪਏ ਲੋਕਾਂ ਦੀ ਜੇਬ 'ਚੋਂ ਕੱਢ ਕੇ ਪਹਿਲਾਂ ਹੀ ਲੈ ਗਏ ਹਨ।