ਚੰਡੀਗੜ੍ਹ: ਕਾਂਗਰਸ ਦੇ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਹੈ। ਇਹ ਪੱਤਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਪੱਤਰ ਵਿੱਚ ਵੜਿੰਗ ਨੇ ਦੋਵਾਂ ਨੂੰ ਰਾਜ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ ਹੈ। ਉਸ ਨੇ ਪੱਤਰ ਵਿੱਚ ਤਿੰਨ ਮੰਗਾਂ ਲਿਖੀਆਂ ਹਨ।
ਸ਼ੁਰੂਆਤ ਵਿੱਚ ਉਸ ਨੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਕੋਰੋਨਾ ਮਹਾਮਾਰੀ ਵਿੱਚ ਚੰਗੇ ਹੋਵੋਗੇ। ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਤੇ ਕਾਰੋਬਾਰੀ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ, ਮੈਂ ਤੁਹਾਨੂੰ ਕੁਝ ਬੇਨਤੀ ਕਰਨਾ ਚਾਹੁੰਦਾ ਹਾਂ।
ਚਿੱਠੀ ਵਿੱਚ ਵੜਿੰਗ ਨੇ ਤਿੰਨ ਵੱਡੀਆਂ ਮੰਗਾਂ ਕਰਦੇ ਲਿਖਿਆ, ਜਿਸ ਤਰ੍ਹਾਂ ਮੋਦੀ ਸਰਕਾਰ ਤੇ ਰਾਜ ਸਰਕਾਰ ਨੇ ਸਾਰੇ ਕਾਰੋਬਾਰੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਕਿਹਾ ਹੈ, ਉਸੇ ਤਰ੍ਹਾਂ ਤੁਹਾਨੂੰ ਵੀ ਆਪਣੇ ਡਰਾਈਵਰ ਤੇ ਕੰਡਕਟਰਾਂ ਨੂੰ ਬਿਨ੍ਹਾਂ ਕਿਸੇ ਕਟੌਤੀ ਦੇ ਤਨਖਾਹ ਦੇਣੀ ਚਾਹੀਦੀ ਹੈ, ਤਾਂ ਜੋ ਤੁਹਾਡੀ ਸਹਿਯੋਗੀ ਕੰਪਨੀ ਤੇ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਵਧੀਆ ਸੰਦੇਸ਼ ਮਿਲ ਸਕੇ।
ਉਨ੍ਹਾਂ ਅੱਗੇ ਲਿਖਿਆ,
ਫਾਸਟਵੇਅ ਕੇਬਲ ਤੁਹਾਡੀ ਕੰਪਨੀ ਹੈ। ਤੁਸੀਂ ਸਾਰੇ ਲੋਕਾਂ ਦੀ ਫਾਸਟਵੇਅ ਕੇਬਲ ਅਤੇ ਇੰਟਰਨੈਟ ਦੇ ਬਿਲਾਂ ਨੂੰ ਲੌਕਡਾਉਨ ਅਵਧੀ ਦੇ ਦੌਰਾਨ ਮਾਫ ਕਰ ਦਵੋ।-
ਤੀਜੀ ਮੰਗ ਕਰਦੇ ਹੋਏ ਵੈਡਿੰਗ ਨੇ ਲਿਖਿਆ
ਮੁਹਾਲੀ 'ਚ ਤੁਹਾਡੇ ਸੁਖ ਵਿਲਾਸ ਹੋਟਲ ਵਿੱਚ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ। ਤੁਹਾਨੂੰ ਇਹ ਹੋਟਲ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਰਕਾਰ ਨੂੰ ਆਈਸੋਲੇਸ਼ਨ ਕੇਂਦਰ ਲਈ ਦੇਣਾ ਚਾਹੀਦਾ ਹੈ।-