Punjab Cyclonic Storm : ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਪਿੰਡ ਬਕੈਨ ਵਾਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਅਜਿਹਾ ਚੱਕਰਵਾਤੀ ਤੂਫ਼ਾਨ ਆਇਆ ਹੈ। ਇਸ ਤੂਫਾਨ ਨੇ ਕੁਝ ਹੀ ਮਿੰਟਾਂ 'ਚ ਸਭ ਕੁਝ ਤਬਾਹ ਕਰ ਦਿੱਤਾ ਹੈ। ਚੱਕਰਵਾਤੀ ਤੂਫ਼ਾਨ ਨੇ ਘਰ ਤਬਾਹ ਕਰ ਦਿੱਤੇ, ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਕਈ ਲੋਕ ਮਲਬੇ ਹੇਠ ਦੱਬ ਗਏ। ਉਧਰ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਨੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰ ਮੁਤਾਬਕ ਹੁਣ ਤੱਕ 9 ਲੋਕ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਪਹੁੰਚ ਚੁੱਕੇ ਹਨ।
ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਕ ਪਲ ਵਿਚ ਆਏ ਤੂਫਾਨ ਨੇ ਪਿੰਡ ਦੇ ਕਈ ਘਰ ਤਬਾਹ ਕਰ ਦਿੱਤੇ। ਲੋਕਾਂ ਅਨੁਸਾਰ ਪਹਿਲਾਂ ਮੌਸਮ ਸਾਫ਼ ਸੀ। ਮੌਸਮ 'ਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਅੱਜ ਹਨੇਰੀ ਕਾਰਨ ਹਾਲਾਤ ਪਲ ਪਲ ਬਦਲ ਗਏ।
ਡੀਸੀ ਤੇ ਵਿਧਾਇਕ ਨੇ ਮੁਆਵਜ਼ਾ ਦਿਵਾਉਣ ਦਾ ਦਿੱਤਾ ਭਰੋਸਾ
ਜਾਣਕਾਰੀ ਅਨੁਸਾਰ ਇਹ ਝੱਖੜ ਕਰੀਬ 2 ਕਿਲੋਮੀਟਰ ਤੱਕ ਚੱਲਿਆ, ਜਿਸ 'ਚ ਪਿੰਡ ਦੇ ਬਾਹਰ ਉਨ੍ਹਾਂ ਦੇ ਖੇਤਾਂ 'ਚ ਰਹਿੰਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਖੇਤਾਂ 'ਚ ਖੜ੍ਹੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ | ਇਸ ਦਾ ਮੁਆਇਨਾ ਕਰਨ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸੀਨੂੰ ਦੁੱਗਲ ਨੇ ਪਹੁੰਚ ਕੇ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਹੋਏ ਨੁਕਸਾਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਦੁੱਗਲ ਨੇ ਪੰਜਾਬ ਸਰਕਾਰ ਤੋਂ ਫਸਲਾਂ ਅਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਾਨਾ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਕੀਤੀ ਹੈ।