ਰਮਨਦੀਪ ਕੌਰ ਦੀ ਪੇਸ਼ਕਸ਼

Continues below advertisement


ਬਦਲਾਅ ਕੁਦਰਤ ਦਾ ਵਰਤਾਰਾ ਹੈ। ਸਮੇਂ ਦੇ ਨਾਲ-ਨਾਲ ਹਰ ਚੀਜ਼ 'ਚ ਬਦਲਾਅ ਆਉਣਾ ਸੁਭਾਵਕ ਵੀ ਹੈ ਪਰ ਕੁਝ ਬਦਲਾਅ ਨਾਕਾਰਾਤਮਕ ਹੋ ਨਿੱਬੜਦੇ ਹਨ। ਮਨੁੱਖ ਨੇ ਬਹੁਤ ਕਾਢਾਂ ਕੱਢੀਆਂ, ਤਰੱਕੀ ਕੀਤੀ ਤੇ ਅੱਜ ਹਰ ਸੁੱਖ ਸਹੂਲਤ ਦੀ ਸ਼ੈਅ ਇਨਸਾਨ ਕੋਲ ਮੌਜੂਦ ਹੈ ਪਰ ਇੰਜ ਲੱਗਦਾ ਜਿਵੇਂ ਚੀਜ਼ਾਂ ਦੀ ਆੜ 'ਚ ਇਨਸਾਨ ਜ਼ਿੰਦਗੀ ਜਿਉਣਾ ਵਿੱਸਰ ਬੈਠਾ ਹੋਵੇ। ਜਿਵੇਂ ਉਹ ਸਭ ਕਾਸੇ ਤੋਂ ਜਾਣਦਿਆਂ ਵੀ ਅਣਜਾਣ ਬਣ ਬੈਠਾ ਹੋਵੇ।


ਤਿਉਹਾਰਾਂ ਦੇ ਰੁੱਤੇ ਗੱਲ ਇਸੇ ਨਾਲ ਸਬੰਧਤ ਉਦਾਹਰਨ ਲੈ ਕੇ ਅੱਗੇ ਤੋਰਦੇ ਹਾਂ। ਬਹੁਤ ਵਰ੍ਹੇ ਪਹਿਲਾਂ ਤਿਉਹਾਰਾਂ ਦੇ ਚਾਅ ਮਲ੍ਹਾਰ ਵੱਖਰੇ ਹੀ ਹੁੰਦੇ ਸਨ। ਨਿਆਣਿਆਂ ਨੇ ਮਹੀਨਾ ਪਹਿਲਾਂ ਹੀ ਵਿਉਂਤਾ ਘੜ ਲੈਣੀਆਂ ਕਿ ਇਸ ਵਾਰ ਇਸ ਤਿਉਹਾਰ 'ਤੇ ਆਹ ਪਾਵਾਂਗੇ, ਆਹ ਲਿਆਵਾਂਗੇ। ਬੇਸ਼ੱਕ ਉਦੋਂ ਸਾਰਿਆਂ ਕੋਲ ਬਹੁਤ ਸੀਮਤ ਸਾਧਨ ਸਨ ਪਰ ਇਸ ਦੇ ਬਾਵਜੂਦ ਖੁਸ਼ੀ, ਸੰਤੁਸ਼ਟੀ ਤੇ ਸਬਰ-ਸੰਤੋਖ ਦਾ ਦੋ ਝਲਕਾਰਾ ਪੈਂਦਾ ਸੀ ਉਹ ਅੱਜ ਬੇਸ਼ਕੀਮਤੀ ਚੀਜ਼ਾਂ ਦੇ ਮਾਲਕ ਇਨਸਾਨ ਦੇ ਕੋਲੋਂ ਵੀ ਨਹੀ ਲੰਘਦਾ।


ਦੀਵਾਲੀ-ਦੁਸਹਿਰੇ ਦੀ ਰੌਣਕ ਦੇਖਣ ਹੀ ਵਾਲੀ ਹੁੰਦੀ। ਨਿਆਣਿਆਂ ਨੇ ਦੁਸਹਿਰਾ ਦੇਖਣ ਦੀ ਹਿੰਢ ਕਰਨੀ ਤੇ ਫਿਰ ਜਾਕੇ ਵੀ ਆਉਣਾ। ਨਿੱਕੇ-ਨਕੇ ਖਿਡਾਉਣਿਆਂ ਨਾਲ ਵਰਚ ਜਾਣਾ ਪਰ ਇਸ ਦੇ ਉਲਟ ਅਜੋਕੇ ਦੌਰ ਦਾ ਬਚਪਨ ਤਾਂ ਕਿੱਧਰੇ ਗਵਾਚ ਹੀ ਗਿਆ ਪ੍ਰਤੀਤ ਹੁੰਦਾ ਹੈ। ਬੱਚੇ ਆਪਣੇ ਘਰਾਂ ਤਕ ਸੀਮਤ ਹੋ ਕੇ ਰਹਿ ਗਏ ਤੇ ਇੰਟਰਨੈੱਟ ਨੇ ਐਸਾ ਵਲੇਵਾਂ ਮਾਰਿਆ ਕਿ ਉਸ ਦੀ ਜਕੜ 'ਚੋਂ ਕੱਢਣ ਦਾ ਕੋਈ ਹੱਲ ਨਹੀਂ ਲੱਭਦਾ।


ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਦੀਵੇ ਵੇਚਣ ਵਾਲਿਆਂ ਨੇ ਘਰੋ-ਘਰੀ ਦੀਵੇ ਦੇਕੇ ਜਾਣੇ। ਉਨ੍ਹਾਂ ਵੀ ਪੂਰੇ ਹੱਕ ਨਾਲ ਆਉਣਾ ਤੇ ਘਰ ਵਾਲਿਆਂ ਨੇ ਵੀ ਪੂਰੀ ਉਡੀਕ ਰੱਖਣੀ। ਜੇ ਕਿਤੇ ਕਿਸੇ ਸਾਲ ਉਸ ਘਰ 'ਚ ਪੱਕੇ ਦੀਵੇ ਵੇਚਣ ਵਾਲਿਆਂ ਨਾ ਆਉਣਾ ਤਾਂ ਅਗਲੇ ਵਰ੍ਹੇ ਘਰ ਦੀਆਂ ਸੁਆਣੀਆਂ ਨੇ ਬੜੀ ਅਪਣੱਤ ਨਾਲ ਗੁੱਸਾ ਵੀ ਜ਼ਾਹਰ ਕਰਨਾ। ਪਰ ਹੁਣ ਇਹ ਸਭ ਲੰਘੇ ਵੇਲਿਆਂ ਦੀਆਂ ਗੱਲਾਂ ਹੋ ਗਈਆਂ। ਹੁਣ ਦੀਵਾਲੀ ਮਿੱਟੀ ਦੇ ਦੀਵਿਆਂ ਦੀ ਨਾ ਹੋਕੇ ਬਿਜਈ ਲੜੀਆਂ ਦੀ ਰਹਿ ਗਈ।


ਤਿਉਹਾਰਾਂ ਮੌਕੇ ਘਰਾਂ 'ਚੋਂ ਦੇਸੀ ਘਿਉ 'ਚ ਬਣਦੀਆਂ ਮਠਿਆਈਆਂ ਦੀ ਮਹਿਕ ਆਉਣੀ। ਕਿਤੇ ਖੋਏ ਦੀ ਬਰਫੀ, ਕਿਤੇ ਵੇਸਣ ਦੇ ਲੱਡੂ ਤੇ ਕਿਤੇ ਪੰਜ਼ੀਰੀ ਬਣਨੀ। ਪਰ ਅੱਜ ਦੇ ਦੌਰ 'ਚ ਬਾਜ਼ਾਰੂ ਮਠਿਆਈਆਂ ਤੇ ਕਾਰਪੋਰੇਟ ਜਗਤ ਵੱਲੋਂ ਸਟੇਟਸ ਸਿੰਬਲ ਦੇ ਨਾਂਅ 'ਤੇ ਸਾਨੂੰ ਪਰੋਸੇ ਗਏ ਕੈਡਬਰੀਸ ਚੌਕਲੇਟਸ ਨੇ ਇਹ ਥਾਂ ਲੈ ਲਈ ਹੈ।


ਕੁਝ ਵੀ ਹੈ ਇਨਸਾਨ ਇਸ ਗੱਲ ਤੋਂ ਮਨਫੀ ਨਹੀਂ ਹੋ ਸਕਦਾ ਕਿ ਉਸ ਦੀ ਜ਼ਿੰਦਗੀ 'ਚ ਤੇਜ਼ੀ ਨਾਲ ਆਏ ਬਦਲਾਅ ਨੇ ਜਿਉਣ ਦਾ ਸੁਹਜ ਸਵਾਦ ਬਹੁਤ ਘਟਾ ਦਿੱਤਾ ਹੈ। ਜਦੋਂ ਕਦੇ ਬੀਤੇ ਵੱਲ ਝਾਤ ਮਾਰਦੇ ਹਾਂ ਤਾਂ ਆਪ ਮੁਹਾਰੇ ਹੀ ਇੰਜ ਲੱਗਦਾ ਕਿ ਉਹ ਵੇਲਾ ਸ਼ਾਹਕਾਰ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ