ਪੇਸ਼ਕਸ਼: ਰਮਨਦੀਪ ਕੌਰ
ਭੰਗੜਾ ਪ੍ਰਮੁੱਖ ਮਰਦਾਵਾਂ ਲੋਕ-ਨਾਚ ਹੈ। ਲੋਕ-ਨਾਚ ਭੰਗੜਾ ਪੰਜਾਬ ਦੇ ਮਰਦਾਂ ਦੇ ਅਲਬੇਲੇਪਣ, ਸੁੰਦਰ-ਸੁਢੌਲ ਸਰੀਰ, ਬਹਾਦਰੀ ਤੇ ਜੋਸ਼ ਦਾ ਪ੍ਰਤੀਕ ਹੈ। 'ਭੰਗੜੇ ਚ ਬੋਲੀਆਂ ਦਾ ਉਚੇਚਾ ਸਥਾਨ ਹੁੰਦਾ ਹੈ। ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਧਰਤੀ, ਪੰਜਾਬ ਦੇ ਗੱਭਰੂਆਂ ਦਾ ਜੋਸ਼ੀਲਾਪਣ, ਉਨ੍ਹਾਂ ਦੀ ਜਵਾਨੀ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਵਰਣਨ ਮਿਲਦਾ ਹੈ।
ਭੰਗੜਾ ਲੋਕ-ਨਾਚ ਸਾਂਝੇ ਪੰਜਾਬ ਦਾ ਮਰਦਾਂ ਦਾ ਨਾਚ ਹੈ। ਇਹ ਖ਼ਾਸ ਕਰ ਪੱਛਮੀ ਪੰਜਾਬ ਦੇ ਗੁੱਜਰਾਂਵਾਲਾ, ਸਰਗੋਧਾ, ਗੁਜਰਾਤ ਤੇ ਵਿਸ਼ੇਸ਼ ਕਰਕੇ ਸਿਆਲਕੋਟ ਤੇ ਪੂਰਬੀ ਪੰਜਾਬ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਰਿਹਾ ਸੀ।
ਲੋਕ-ਨਾਚ ਭੰਗੜਾ ਲੋਕ ਸਾਜ਼ ਢੋਲ ਦੇ ਡਗੇ 'ਤੇ ਪਾਇਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਅੰਦਰੂਨੀ ਤੇ ਬਾਹਰੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ। ਬੇਸ਼ੱਕ ਅਜੋਕੇ ਦੌਰ 'ਚ ਗੀਤਾਂ ਦੀਆਂ ਧੁਨਾਂ 'ਤੇ ਵੀ ਭੰਗੜਾ ਪਾਉਣ ਦਾ ਰਿਵਾਜ਼ ਪ੍ਰਚੱਲਿਤ ਹੋ ਗਿਆ ਹੈ ਪਰ ਜੋ ਢੋਲ ਦੀ ਥਾਪ ਤੇ ਬੋਲੀਆਂ ਦੇ ਨਾਲ ਭੰਗੜੇ ਦਾ ਸੁਹਜ ਸੁਆਦ ਹੈ ਉਸ ਦਾ ਨਜ਼ਾਰਾ ਹੀ ਵੱਖਰਾ ਹੈ।
ਭੰਗੜੇ ਦੀਆਂ ਬੋਲ਼ੀਆਂ ਦੀਆਂ ਕੁਝ ਉਦਾਹਰਨਾਂ:
'ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਇਹ ਬੰਨ ਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ,
ਦੁੱਧ-ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਦਾ ਕਬੂਤਰ ਜਾਵੇ,
ਮਲਮਲ ਦੇ ਤਾਂ ਕੁੜਤੇ ਪਾਉਂਦੇ, ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ,
ਭੰਗੜਾ ਪਾਉਂਦਿਆਂ ਦੀ....ਸਿਫਤ ਕਰੀ ਨਾ ਜਾਵੇ'
ਭੰਗੜੇ 'ਚ ਬੋਲੀ ਦੀ ਅੰਤਿਮ ਤੁਕ ਦੇ ਉਚਾਰ ਨਾਲ ਨਾਚ ਦੀ ਗਤੀ ਤੇਜ਼ ਹੋ ਜਾਂਦੀ ਹੈ। ਢੋਲ ਦਾ ਡਗਾ ਵੀ ਜੋਸ਼ ਭਰਪੂਰ ਹੁੰਦਾ ਹੈ। ਇਸ ਤਰ੍ਹਾਂ ਭੰਗੜਾ ਆਪਣੇ ਸਿਖਰ ਵੱਲ ਵਧਦਾ ਹੈ। ਪੰਜਾਬ ਦਾ ਲੋਕ ਨਾਚ ਭੰਗੜਾ ਕੁੱਲ ਦੁਨੀਆਂ 'ਚ ਮਸ਼ਹੂਰ ਹੈ। ਵਿਦੇਸ਼ਾਂ ਤਕ ਭੰਗੜੇ ਦੀ ਸਰਦਾਰੀ ਹੈ।
College students of Chandigarh performing on the 3rd day of the 3rd Chandigarh National Crafts Mela at Kalagram, Chandigarh on Monday, October 10, 2011.
ਭੰਗੜੇ ਵਿੱਚ ਢੋਲ ਤੋਂ ਇਲਾਵਾ ਕਈ ਹੋਰ ਲੋਕ ਸਾਜ਼ਾਂ ਦੀ ਭਰਮਾਰ ਰਹਿੰਦੀ ਹੈ। ਜਿਵੇਂ ਚਿਮਟਾ, ਡਾਂਗ, ਕਾਟੋ, ਸੱਪ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਭੰਗੜੇ 'ਚ ਗੱਭਰੂ ਕੁੜਤਾ-ਚਾਦਰਾ ਤੇ ਨਾਲ ਗਹਿਣਿਆਂ ਦਾ ਇਸਤੇਮਾਲ ਕਰਦੇ ਹਨ। ਜਿਵੇਂ ਕੈਂਠਾ, ਕੰਨਾਂ 'ਚ ਮੁਰਕੀਆਂ ਆਦਿ ਪਾਉਣ ਦਾ ਰਿਵਾਜ਼ ਹੈ। ਭੰਗੜਾ ਪਾਉਣ ਵਾਲਿਆਂ ਦੀ ਗਿਣਤੀ ਨਿਰਧਾਰਤ ਨਹੀਂ ਹੁੰਦੀ। ਭੰਗੜੇ 'ਚ ਗੱਭਰੂ ਕਈ ਤਰ੍ਹਾਂ ਦੀਆਂ ਨਾਚ ਮੁਦਰਾਵਾਂ ਪੇਸ਼ ਕਰਦੇ ਹਨ। ਕਈ ਵਾਰ ਘੇਰੇ 'ਚ ਘੁੰਮਣਾ, ਕਾਟੋ ਵਜਾਉਣਾ, ਸੱਪ ਵਜਾਉਣਾ, ਪੱਟਾਂ ਤੇ ਥਾਪੀ ਮਾਰਨੀ, ਇਕ ਦੂਜੇ ਦੇ ਮੋਢਿਆਂ 'ਤੇ ਚੜ੍ਹਨਾ ਆਦਿ ਸ਼ਾਮਲ ਹੈ।
ਭੰਗੜੇ 'ਚ ਜੋਸ਼ ਭਰਨ ਲਈ ਹੋਏ-ਹੋਏ, ਸ਼ਾਵਾ-ਸ਼ਾਵਾ ਦੇ ਬੋਲ ਵੀ ਉਚਾਰੇ ਜਾਂਦੇ ਹਨ। ਅੱਖਾਂ ਦੇ ਇਸ਼ਾਰੇ 'ਤੇ ਖਿੜਿਆ ਚਿਹਰਾ ਭੰਗੜਚੀ ਨੂੰ ਹੋਰ ਵੀ ਦਿਲ ਖਿੱਚਵਾਂ ਬਣਾਉਂਦੇ ਹਨ। ਭੰਗੜੇ ਦਾ ਵਿਸਾਖੀ ਦੇ ਤਿਉਹਾਰ ਨਾਲ ਵੀ ਖਾਸ ਸਬੰਧ ਹੈ। ਇਸ ਬਾਬਤ ਧਨੀ ਰਾਮ ਚਾਤ੍ਰਿਕ ਦੀਆਂ ਇਹ ਸੱਤਰਾਂ ਮਸ਼ਹੂਰ ਹਨ:
'ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ'
ਅਜੋਕੇ ਸਮੇਂ 'ਚ ਭੰਗੜੇ ਦਾ ਰਵਾਇਤੀ ਰੂਪ ਬਿਲਕੁਲ ਬਦਲ ਚੁੱਕਾ ਹੈ। ਜਿੱਥੇ ਪਹਿਲਾਂ ਠਰ੍ਹੰਮੇ ਨਾਲ ਹੌਲ਼ੀ-ਹੌਲ਼ੀ ਨਾਚ ਮੁਦਰਾਵਾਂ ਪੇਸ਼ ਕੀਤੀਆਂ ਜਾਂਦੀਆਂ ਸਨ। ਉੱਥੇ ਹੀ ਭੰਗੜੇ 'ਚ ਤੇਜ਼ੀ ਨੇ ਥਾਂ ਲੈ ਲਈ ਹੈ। ਕਾਲਜਾਂ-ਯੂਨੀਵਰਸਿਟੀਆਂ 'ਚ ਹੋਣ ਵਾਲੇ ਯੁਵਕ ਮੇਲਿਆਂ 'ਚ ਭੰਗੜੇ ਦੀ ਰੌਣਕ ਦੇਖਣ ਨੂੰ ਮਿਲਦੀ ਹੈ ਪਰ ਉੱਥੇ ਵੀ ਹੁਣ ਭੰਗੜੇ ਦੇ ਰਵਾਇਤੀ ਰੂਪ ਦਾ ਝਲਕਾਰਾ ਨਹੀਂ ਪੈਂਦਾ।