ਪੇਸ਼ਕਸ਼: ਰਮਨਦੀਪ ਕੌਰ


ਲੋਕ-ਨਾਚ: ਪੰਜਾਬੀਆਂ ਦੇ ਖੁੱਲ੍ਹੇ-ਡੁੱਲੇ ਸੁਭਾਅ ਤੇ ਖੁਸ਼ੀ ਦਾ ਪ੍ਰਗਟਾਵਾ ਲੋਕ-ਨਾਚ ਕਰਦੇ ਹਨ। ਹਰ ਖਿੱਤੇ ਦੇ ਲੋਕ-ਨਾਚ ਉੱਥੋਂ ਦੇ ਸੱਭਿਆਚਾਰ ਦੀ ਗਵਾਹੀ ਭਰਦੇ ਹਨ। ਲੋਕ-ਨਾਚ ਉਹ ਵੰਨਗੀਆਂ ਜਾਂ ਮੁਦਰਾਵਾਂ ਹਨ ਜਿਨ੍ਹਾਂ ਦਾ ਰਚੇਤਾ ਕੋਈ ਇੱਕ ਨਾ ਹੋ ਕੇ ਸਗੋਂ ਲੋਕ ਸਮੂਹ ਵੱਲੋਂ ਸਿਰਜੇ ਹੁੰਦੇ ਹਨ।


ਲੋਕ-ਨਾਚ, ਲੋਕ-ਬੋਲੀਆਂ, ਲੋਕ-ਗੀਤ ਆਦਿ ਇਨ੍ਹਾਂ 'ਚ ਜਦੋਂ ਲੋਕ ਸ਼ਬਦ ਆ ਜਾਂਦਾ ਹੈ ਤਾਂ ਇਹ ਵਿਸ਼ਿਸ਼ਟ ਨਾਚ ਨਾ ਰਹਿ ਕੇ ਸਗੋਂ ਜਨ ਸਾਧਾਰਨ ਵੱਲ ਪਰਤ ਜਾਂਦਾ ਹੈ। ਜਿੱਥੇ ਉਸਤਾਦ ਧਾਰਨ ਦੀ ਬਹੁਤੀ ਲੋੜ ਨਹੀਂ ਪੈਂਦੀ।


ਆਪ-ਮੁਹਾਰੇ ਜ਼ਿੰਦਗੀ ਵਿੱਚ ਜਦੋਂ ਮਨ 'ਚ ਖੇੜਾ ਉੱਠਦਾ ਹੈ ਤਾਂ ਖ਼ੁਸ਼ੀ ਦੇ ਵਲਵਲਿਆਂ ਨੂੰ ਆਪਣੀਆਂ ਸਰੀਰਕ ਮੁਦਰਾਵਾਂ ਜ਼ਰੀਏ ਪ੍ਰਗਟਾਉਣਾ ਹੀ ਲੋਕ ਨਾਚ ਹੈ। ਲੋਕ ਨਾਚ ਵਿਚ ਸਮੇਂ, ਸਥਾਨ ਦੀ ਕੋਈ ਪਾਬੰਦੀ ਨਹੀਂ ਹੁੰਦੀ। ਬੇਸ਼ੱਕ ਪੰਜਾਬ 'ਚ ਇਸਤਰੀਆਂ-ਮਰਦਾਂ ਦੇ ਕੁਝ ਸਾਂਝੇ ਲੋਕ-ਨਾਚ ਵੀ ਹਨ ਪਰ ਲੋਕ-ਨਾਚਾਂ ਨੂੰ ਖਾਸ ਤੌਰ 'ਤੇ ਦੋ ਹਿੱਸਿਆਂ 'ਚ ਵੰਡਿਆਂ ਜਾ ਸਕਦਾ ਹੈ।


ਇਸਤਰੀਆਂ ਦੇ ਲੋਕ-ਨਾਚ
ਗਿੱਧਾ, ਸੰਮੀ, ਕਿੱਕਲੀ


ਮਰਦਾਵੇਂ ਲੋਕ ਨਾਚ
ਭੰਗੜਾ, ਮਲਵਈ ਗਿੱਧਾ, ਲੁੱਡੀ, ਝੂਮਰ


ਗਿੱਧਾ: ਇਹ ਪੰਜਾਬ ਦਾ ਸਿਰਮੌਰ ਲੋਕ-ਨਾਚ ਹੈ ਜਿਸ ਵਿੱਚ ਇਸਤਰੀਆਂ ਆਪਣੇ ਮਨ ਦੇ ਚਾਅ, ਵਲਵਲੇ ਤੇ ਸੱਧਰਾਂ-ਉਮੰਗਾਂ ਦਾ ਪ੍ਰਗਟਾਵਾ ਕਰਦੀਆਂ ਹਨ। ਗਿੱਧੇ 'ਚ ਬੋਲੀਆਂ ਦਾ ਖਾਸ ਮਹੱਤਵ ਹੁੰਦਾ ਹੈ। ਹਰ ਪੰਜਾਬਣ ਦੇ ਜ਼ਿਹਨ 'ਚ ਕਿਸੇ ਨਾ ਕਿਸੇ ਨੁੱਕਰੇ ਗਿੱਧੇ ਦੀ ਕਸਕ ਛੁਪੀ ਹੁੰਦੀ ਹੈ। ਕਿਸੇ ਵੀ ਖੁਸ਼ੀ ਦੇ ਮੌਕੇ ਤੇ ਇਸ ਲੋਕ ਨਾਚ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।


ਗਿੱਧੇ 'ਚ ਤਾੜੀ ਨਾਲ ਤਾਲ ਪੈਦਾ ਕੀਤੀ ਜਾਂਦੀ ਹੈ। ਨੱਚਣ ਵਾਲੀਆਂ ਕੁੜੀਆਂ ਜਾਂ ਔਰਤਾਂ ਘੇਰੇ ਵਿੱਚ ਖੜੀਆਂ ਹੋ ਜਾਂਦੀਆਂ ਹਨ। ਜੋ ਤਾੜੀ ਮਾਰਦੀਆਂ ਹਨ ਤੇ ਇਸ ਘੇਰੇ 'ਚ ਕੋਈ ਵੀ ਦੋ ਜਾਂ ਦੋ ਤੋਂ ਵੱਧ ਮੁਟਿਆਰਾਂ (ਇਹ ਕੋਈ ਪੱਕਾ ਨਿਯਮ ਨਹੀਂ ਹੈ) ਬੋਲੀ ਦੇ ਸ਼ਬਦਾਂ ਦੇ ਹਿਸਾਬ ਨਾਲ ਪਿੜ 'ਚ ਜਾਕੇ ਮੁਦਰਾਵਾਂ ਕਰਦੀਆਂ ਹਨ ਤੇ ਬਾਕੀ ਪਿੜ ਵੱਲੋਂ ਬੋਲੀ ਚੁੱਕੀ ਜਾਂਦੀ ਹੈ।


ਗਿੱਧੇ ਦੀ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ 'ਬੱਲੇ-ਬੱਲੇ ਬਈ, ਸ਼ਾਵਾ-ਸ਼ਾਵਾ' ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ।


ਪੰਜਾਬਣਾ ਆਪਣੇ ਹਰ ਤਰ੍ਹਾਂ ਦੇ ਕਾਰ-ਵਿਹਾਰ ਵਿੱਚੋਂ ਗਿੱਧੇ ਲਈ ਮੌਕੇ ਸਿਰਜ ਲੈਂਦੀਆਂ ਹਨ। ਜਿਵੇਂ ਰੁੱਤਾਂ, ਤਿਉਹਾਰਾਂ, ਵਿਆਹ-ਸ਼ਾਦੀਆਂ ਤੋਂ ਇਲਾਵਾ ਸਾਉਣ ਮਹੀਨੇ ਤੀਆਂ ਦੇ ਮੌਕੇ ਇਕੱਠੀਆਂ ਹੋ ਕੇ ਅਜਿਹੇ ਸ਼ੌਂਕ ਪੂਰੇ ਕਰ ਲੈਂਦੀਆਂ ਹਨ। ਗਿੱਧੇ ਲਈ ਕਿਸੇ ਖਾਸ ਸਾਜ਼ ਜਾਂ ਸਟੇਜ ਦੀ ਲੋੜ ਨਹੀਂ ਹੁੰਦੀ। ਗਿੱਧੇ 'ਚ ਜੋਸ਼ ਹੋਰ ਉੱਚਾ ਚੁੱਕਣ ਲਈ ਬੋਲੀਆਂ ਦਾ ਉਚਾਰਣ ਨਾਲੋਂ-ਨਾਲ ਚਲਦਾ ਰਹਿੰਦਾ ਹੈ:


'ਹਾਰੀ ਨਾਂ ਮਲਵੈਣੇ, ਗਿੱਧਾ ਹਾਰ ਗਿਆ'


'ਅੱਜ ਨੱਚ ਲੈ ਸਵੇਰੇ ਤਰਸੇਗੀ'


'ਜੋੜੀਆਂ ਹੁਣ ਬਣੀਆਂ, ਹੁਣ ਬਣੀਆਂ ਇੱਕ ਸਾਰ'


ਗਿੱਧੇ 'ਚ ਕਈ ਤਰ੍ਹਾਂ ਦੇ ਪ੍ਰਗਟਾਅ ਅੱਖਾਂ ਦੇ ਇਸ਼ਾਰਿਆਂ, ਹੱਥਾਂ, ਬਾਹਾਂ ਤੇ ਪੈਰਾਂ ਨਾਲ ਕੀਤੇ ਜਾਂਦੇ ਹਨ। ਗਿੱਧੇ 'ਚ ਤਮਾਸ਼ਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਕਿਸੇ ਦੀ ਸਾਂਗ ਰਚ ਕੇ ਜਾਂ ਵਿਆਹ-ਸ਼ਾਦੀ ਮੌਕੇ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਕਿਸੇ ਰਿਸ਼ਤੇਦਾਰ 'ਤੇ ਆਧਾਰਤ ਤਮਾਸ਼ਾ ਸਿਰਜਿਆ ਜਾਂਦਾ ਹੈ ਜੋ ਮਾਹੌਲ 'ਚ ਹੋਰ ਖੇੜਾ ਭਰ ਦਿੰਦਾ ਹੈ।


ਵੰਨ-ਸੁਵੰਨੀਆਂ ਬੋਲੀਆਂ ਜ਼ਰੀਏ ਗਿੱਧੇ 'ਚ ਵੱਖਰਾ ਰੰਗ ਭਰਿਆ ਜਾਂਦਾ ਹੈ। ਨੂੰਹ-ਸੱਸ ਦੀ ਨੋਕ-ਝੋਕ ਬੋਲੀਆਂ 'ਚ ਆਪ-ਮੁਹਾਰੇ ਦਰਸਾਈ ਜਾਂਦੀ ਹੈ:


'ਮੇਰੀ ਸੱਸ ਬੜੀ ਕੁਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ
ਮੈਂ ਵੀ ਜੁੱਤੀ ਪਾਉਣੀ ਆ
ਮੁੰਡਿਆਂ ਰਾਜ਼ੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਆ'


ਪਤੀ-ਪਤਨੀ ਦੀ ਨੋਕ-ਝੋਕ, ਰੋਸਾ-ਗਿਲਾ ਵੀ ਬੋਲੀਆਂ ਰਾਹੀਂ ਦਰਸਾਇਆ ਜਾਂਦਾ ਹੈ:


'ਬੱਲੇ-ਬੱਲੇ ਵੇ ਜੇ ਮੈਂ ਹੁੰਦੀ ਜੈਲਦਾਰਨੀ ਤੇਰੀ ਮੁੱਛ 'ਤੇ ਚੁਬਾਰਾ ਪਾਉਂਦੀ
ਬੱਲੇ-ਬੱਲੇ ਨੀ ਜੇ ਮੈਂ ਹੁੰਦਾ ਜੱਜ ਬੱਲੀਏ ਤੇਰੀ ਗੁੱਤ ਤੇ ਕਚਹਿਰੀ ਲਾਉਂਦਾ'


ਇਸ ਤਰ੍ਹਾਂ ਬੋਲ਼ੀਆਂ 'ਚ ਕਰੀਬ ਹਰ ਰਿਸ਼ਤੇ ਦਾ ਜ਼ਿਕਰ ਆਉਂਦਾ ਹੈ:


'ਉਰਲੇ ਬਜ਼ਾਰ ਨੀ ਮੈ ਹਰ ਕਰਾਉਂਦੀ ਆਂ,
ਪਰਲੇ ਬਜ਼ਾਰ ਨੀ ਮੈਂ ਬੰਦ ਗਜਰੇ,
ਅੱਡ ਹੋਊਂਗੀ ਜਠਾਣੀ ਤੈਥੋਂ ਲੈਕੇ ਬਦਲੇ'


ਗਹਿਣਿਆਂ ਦਾ ਜ਼ਿਕਰ ਵੀ ਬੋਲੀਆਂ 'ਚ ਉਚੇਚੇ ਤੌਰ 'ਤੇ ਆਉਂਦਾ ਹੈ:


'ਮਾਏਂ ਨੀ ਕਾਂਟੇ ਘੜਾ ਦੇ ਜੰਮੂ ਸ਼ਹਿਰ ਦੇ
ਮਾਏਂ ਨੀ ਕਾਂਟਿਆਂ 'ਤੇ ਦਿਲ ਸਾਡਾ ਡੁੱਲਿਆ
ਮਾਏਂ ਨੀ ਦਿਲਾਂ ਦਾ ਜਾਨੀਂ ਰੁੱਸ ਚੱਲਿਆ'


ਜਾਂ


'ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ
ਸਾਨੂੰ ਵੀ ਕਰਾਦੇ ਛੱਲੇ ਮੁੰਡਿਆ
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆ'


ਸੋ ਗਿੱਧਾ ਲੋਕ ਨਾਚ ਦੀ ਉਹ ਵੰਨਗੀ ਹੈ ਜਿਸ ਰਾਹੀਂ ਔਰਤਾਂ ਆਪਣੇ ਮਨ ਦੇ ਭਾਵ ਬੋਲੀਆਂ ਰਾਹੀਂ ਗਿੱਧੇ ਦੇ ਪਿੜ 'ਚ ਪ੍ਰਗਟਾਉਂਦੀਆਂ ਹਨ। ਬੇਸ਼ੱਕ ਅਜੋਕੇ ਯੁੱਗ 'ਚ ਹੁਣ ਇਹ ਲੋਕਨਾਚ ਸਟੇਜੀ ਆਈਟਮ ਬਣ ਕੇ ਰਹਿ ਗਿਆ ਹੈ। ਵਿਆਹਾਂ 'ਚ ਘੰਟਿਆਂ ਬੱਧੀ ਪੈਣ ਵਾਲਾ ਗਿੱਧਾ ਹੁਣ ਡੀਜੇ ਦੇ ਫਲੋਰ 'ਤੇ ਸਿਮਟ ਗਿਆ ਹੈ। ਪਰ ਜਦੋਂ ਕਦੇ ਅਸੀਂ ਪਿਛੋਕੜ ਵੱਲ ਝਾਤ ਮਾਰਾਂਗੇ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਸਾਡੇ ਕੋਲ ਕਿੰਨ੍ਹਾਂ ਅਮੀਰ ਵਿਰਸਾ ਤੇ ਸੱਭਿਆਚਾਰ ਹੈ ਜਿਸ ਨੂੰ ਅਸੀਂ ਅੱਖੋਂ ਪਰੋਖੇ ਕਰ ਮਤਲਬਹੀਨ ਚਕਾਚੌਂਧ 'ਤੇ ਡੁੱਲ ਗਏ ਹਾਂ।